ਗੁਰਦਾਸਪੁਰ ਪੰਜਾਬ

ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਨੇ ਬਟਾਲਾ ਸ਼ਹਿਰ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ

ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਨੇ ਬਟਾਲਾ ਸ਼ਹਿਰ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ
  • PublishedMay 17, 2022

ਮਹਾਰਾਜਾ ਸ਼ੇਰ ਸਿੰਘ ਮਹੱਲ ਦੀ ਸੰਭਾਲ ਕਰਨ ਦੇ ਨਾਲ ਜਲ ਮਹਿਲ ਨੂੰ ਪਾਣੀ ਨਾਲ ਭਰਨ ਦੇ ਕੀਤੇ ਜਾਣਗੇ ਯਤਨ

ਬਟਾਲਾ ਨੂੰ ਵਿਰਾਸਤੀ ਤੇ ਇਤਿਹਾਸਕ ਪੱਖ ਤੋਂ ਵਿਕਸਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ – ਹਰਜੋਤ ਸਿੰਘ ਬੈਂਸ

ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦੀ ਵਿਰਾਸਤ ਨੂੰ ਸੰਭਾਲਣ ਦੀ ਕੀਤੀ ਜ਼ੋਰਦਾਰ ਵਕਾਲਤ

ਬਟਾਲਾ, 17 ਮਈ (  ਮੰਨਣ ਸੈਣੀ) । ਸੂਬੇ ਦੇ ਸੈਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਬਟਾਲਾ ਸ਼ਹਿਰ ਦੀ ਫੇਰੀ ਦੌਰਾਨ ਇਥੋਂ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਜਗਰੂਪ ਸਿੰਘ ਸੇਖਵਾਂ ਅਤੇ ਸ਼ਹਿਰ ਦੇ ਮੋਹਤਬਰ ਵੀ ਮੌਜੂਦ ਸਨ।

ਸਭ ਤੋਂ ਪਹਿਲਾਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਬੇਰਿੰਗ ਕਾਲਜ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦਾ ਦੌਰਾ ਕੀਤਾ ਅਤੇ ਇਸ ਇਤਿਹਾਸਕ ਮਹੱਲ ਦੇ ਇਤਿਹਾਸ ਨੂੰ ਜਾਨਣ ਦੇ ਨਾਲ ਇਸਦੀ ਮੌਜੂਦਾ ਹਾਲਤ ਦਾ ਜਾਇਜਾ ਲਿਆ। ਇਸ ਉਪਰੰਤ ਉਨ੍ਹਾਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਜਲ ਮਹੱਲ ਅਤੇ ਅਕਬਰ ਬਾਦਸ਼ਾਹ ਦੇ ਕਰੋੜੀ ਸ਼ਮਸ਼ੇਰ ਖਾਨ ਦੇ ਮਕਬਰੇ ਦੀ ਸਮਾਰਕ ਦਾ ਜਾਇਜਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਵਿਰਾਸਤੀ ਦਰਵਾਜ਼ੇ ਖਜ਼ੂਰੀ ਗੇਟ ਅਤੇ ਸ਼ੇਰਾਂ ਵਾਲੇ ਗੇਟ ਨੂੰ ਦੇਖਿਆ। ਕੈਬਨਿਟ ਮੰਤਰੀ ਸ. ਬੈਂਸ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਪੈਦਲ ਚੱਲ ਕੇ ਬਟਾਲਾ ਦੇ ਸ਼ਹਿਰ ਦਿਲ ਚੱਕਰੀ ਬਜ਼ਾਰ ਦੀ ਰੌਣਕ ਨੂੰ ਦੇਖਿਆ। ਇਸ ਮੌਕੇ ਉਨ੍ਹਾਂ ਚੱਕਰੀ ਬਜ਼ਾਰ ਸਥਿਤ ਪਾਵਨ ਅਸਥਾਨ ਸ੍ਰੀ ਕਾਲੀ ਦੁਆਰਾ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਕਾਲੀ ਦੁਆਰਾ ਮੰਦਰ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ, ਵਿਧਾਇਕ ਸ੍ਰੀ ਸ਼ੈਰੀ ਕਲਸੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।  

ਬਟਾਲਾ ਸ਼ਹਿਰ ਦੇ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਅਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਟਾਲਾ ਸ਼ਹਿਰ ਸੂਬੇ ਦੇ ਸਭ ਤੋਂ ਪੁਰਾਣੇ ਇਤਿਹਾਸਕ ਸ਼ਹਿਰਾਂ ਵਿਚੋਂ ਇੱਕ ਹੈ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਰਿਵਾਰ ਦਾ ਇਹ ਸ਼ਹਿਰ ਇਤਿਹਾਸ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਮੌਜੂਦ ਇਤਿਹਾਸਕ ਸਮਾਰਕ ਇਤਿਹਾਸ ਦੇ ਉਹ ਪੰਨੇ ਹਨ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਖਾਸ ਪਛਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਟਾਲਾ ਸ਼ਹਿਰ ਦੀ ਵਿਰਾਸਤ ਨੂੰ ਸਾਂਭਣ ਲਈ ਜਰੂਰ ਰੋਡ ਮੈਪ ਤਿਆਰ ਕਰੇਗੀ ਤਾਂ ਜੋ ਇਹ ਇਤਿਹਾਸਕ ਸ਼ਹਿਰ ਦੁਨੀਆਂ ਦੇ ਨਕਸ਼ੇ ’ਤੇ ਉੱਭਰ ਸਕੇ।

ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦੀ ਸੰਭਾਲ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾਣਗੇ ਅਤੇ ਨਾਲ ਹੀ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨਾਲ ਰਾਬਤਾ ਕਰਕੇ ਜਲ ਮਹੱਲ ਵਾਲੇ ਤਲਾਬ ਨੂੰ ਪਾਣੀ ਨਾਲ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਬਟਾਲਾ ਸ਼ਹਿਰ ਤੇਜੀ ਨਾਲ ਸੈਰ-ਸਪਾਟੇ ਵਜੋਂ ਵਿਕਸਤ ਹੋਵੇਗਾ। ਉਨ੍ਹਾਂ ਹਜ਼ੀਰਾ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਿਹਾ ਕਿ ਪੁਰਾਤਤਵ ਵਿਭਾਗ ਨਾਲ ਰਾਬਤਾ ਕਰਕੇ ਇਥੇ ਲਾਈਟਾਂ, ਬੈਠਣ ਲਈ ਬੈਂਚ, ਪੀਣ ਵਾਲੇ ਪਾਣੀ ਅਤੇ ਟਾਇਲਟ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦਰਵਾਜ਼ਿਆਂ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਨਾਲ ਹੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ, ਡੇਹਰਾ ਸਾਹਿਬ ਅਤੇ ਸ੍ਰੀ ਕਾਲੀ ਦੁਆਰਾ ਮੰਦਰ ਨੂੰ ਜਾਂਦੇ ਰਸਤਿਆਂ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਨੂੰ ਵਿਰਾਸਤੀ ਪੱਖ ਤੋਂ ਵਿਕਸਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕ ਬਟਾਲਾ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਬਾਰੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਸ਼ਹਿਰ ਨੂੰ ਵਿਰਾਸਤੀ ਪੱਖ ਤੋਂ ਵਿਕਸਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਬਟਾਲਾ ਦੀ ਵਿਰਾਸਤ ਨੂੰ ਸਾਂਭਣ ਲਈ ਜਰੂਰ ਲੋੜੀਂਦੇ ਕਦਮ ਚੁੱਕੇ ਜਾਣਗੇ।

ਇਸ ਮੌਕੇ ਸ਼ਹਿਰ ਦੇ ਮੋਹਤਬਰ ਯਸਪਾਲ ਚੌਹਾਨ, ਐਡਵੋਕੇਟ ਭਰਤ ਅਗਰਵਾਲ, ਪ੍ਰਿੰਸ ਰੰਧਾਵਾ, ਕੌਂਸਲਰ ਰਾਜੇਸ਼ ਤੁਲੀ, ਸਰਦੂਲ ਸਿੰਘ, ਬਲਵਿੰਦਰ ਮਿੰਟਾ, ਰਾਕੇਸ਼ ਤੁਲੀ, ਗੁਰਜੰਟ ਸਿੰਘ, ਮਲਕੀਤ ਸਿੰਘ, ਉਪਦੇਸ਼ ਕੁਮਾਰ ਪੀ.ਏ, ਮਾਣਕ ਮਹਿਤਾ, ਮਨਜੀਤ ਸਿੰਘ ਕਰਵਾਲੀਆਂ ਵਾਲੇ, ਸੁਖਜਿੰਦਰ ਸਿੰਘ ਰਜਿੰਦਰ ਫਾਊਂਡਰੀ ਵਾਲੇ, ਜਗਦੀਸ਼ ਮਸੀਹ, ਸੰਨੀ ਮਸੀਹ, ਹਨੀ ਚੌਹਾਨ, ਰਾਜਵਿੰਦਰ ਸਿੰਘ, ਰੋਬਿਨ, ਸਰਨਜੀਤ ਸਿੰਘ, ਸਤੀਸ਼ ਕੁਮਾਰ, ਅੰਕੁਸ਼ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

Written By
The Punjab Wire