ਐਸਐਸਪੀ ਗੁਰਦਾਸਪੁਰ ਅਤੇ ਡੀਸੀ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਮੰਗ ਪੱਤਰ ਸੌਂਪਿਆ
ਗੁਰਦਾਸਪੁਰ, 17 ਮਈ (ਮੰਨਣ ਸੈਣੀ)। ਗਾਇਕ ਜੱਸੀ ਜਸਰਾਜ ਵੱਲੋਂ ਆਪਣੇ ਰਿਸ਼ਤੇਦਾਰ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਨਾ ਹੋਣ ’ਤੇ ਇਸ ਸਬੰਧੀ ਮੰਗ ਪੱਤਰ ਕੈਬਨਿਟ ਮੰਤਰੀ ਹਰਜੋਤ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸਐੱਸਪੀ ਗੁਰਦਾਸਪੁਰ ਹਰਜੀਤ ਸਿੰਘ ਵੀ ਹਾਜ਼ਰ ਸਨ। ਮੰਤਰੀ ਹਰਜੋਤ ਸਿੰਘ ਬੈਂਸ ਸ਼ਹੀਦੀ ਪ੍ਰੋਗਰਾਮ ਘੱਲੂਘਾਰਾ ਸਾਹਿਬ ਕਾਹਨੂੰਵਾਨ ਛੰਬ ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।
ਮ੍ਰਿਤਕ ਦੇ ਪੁਤਰ ਜਸਜੀਤ ਸਿੰਘ ਵਾਸੀ ਪਿੰਡ ਭੂਰੀਆ ਸੈਨੀਆਂ (ਕਾਦੀਆਂ) ਸਮੇਤ ਜੱਸੀ ਜਸਰਾਜ ਨੇ ਦੱਸਿਆ ਕਿ 4 ਅਗਸਤ 2011 ਨੂੰ ਜਸਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ। ਜਿਹਨਾਂ ਦੀ ਲਾਸ਼ ਪੌੜੀਆਂ ਦੇ ਨਾਲ ਰੱਸੀ ਨਾਲ ਬੰਨ੍ਹੀ ਹੋਈ ਮਿਲੀ। ਪੁਲਿਸ ਵਲੋਂ ਸਿਆਸੀ ਸ਼ਹਿ ‘ਤੇ ਝੂਠਾ ਕੇਸ ਬਣਾ ਕੇ ਉਸ ਨੂੰ ਖ਼ੁਦਕੁਸ਼ੀ ਸਾਬਤ ਕਰ ਦਿੱਤਾ ਗਿਆ, ਜਦਕਿ ਸੱਚਾਈ ਵੱਖਰੀ ਸੀ। ਹਲਕੇ ਦੇ ਕਾਂਗਰਸੀ ਆਗੂ ਤੇ ਕਾਂਗਰਸੀ ਸਰਪੰਚ ’ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਸਿਆਸੀ ਪਹੁੰਚ ਕਾਰਨ ਇਨਸਾਫ਼ ਵਿੱਚ ਅੜਿੱਕਾ ਡਾਹੁਣ ਦੀ ਗੱਲ ਆਖੀ। ਉਸ ਨੇ ਦੋਸ਼ ਲਾਇਆ ਕਿ ਉਦੋਂ ਵੀ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਲਈ ਕਿਹਾ ਸੀ ਪਰ ਪੁਲੀਸ ਪ੍ਰਸ਼ਾਸਨ ਨੇ ਪੋਸਟਮਾਰਟਮ ਠੀਕ ਤਰ੍ਹਾਂ ਨਹੀਂ ਹੋਣ ਦਿੱਤਾ। ਉਸ ਨੇ ਗੁਹਾਰ ਲਾਈ ਕਿ ਅੱਜ ਤੱਕ ਉਹ ਪੁਲੀਸ ਪ੍ਰਸ਼ਾਸਨ ਕੋਲ ਇਨਸਾਫ਼ ਲਈ ਠੋਕਰਾਂ ਖਾ ਰਿਹਾ ਹੈ ਪਰ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ।