ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅਖੀਰ ਢੱਲ ਗਿਆ ਜਲਵਾ: ਆਪ ਹੀ ਢਾਹ ਲਿਆ ਖੋਖਾ, ਰਾਜਨੀਤੀ ਦੇ ਦੱਗਲ ਤੋਂ ਕੀਤਾ ਵਾਕਆਉਟ

ਅਖੀਰ ਢੱਲ ਗਿਆ ਜਲਵਾ: ਆਪ ਹੀ ਢਾਹ ਲਿਆ ਖੋਖਾ, ਰਾਜਨੀਤੀ ਦੇ ਦੱਗਲ ਤੋਂ ਕੀਤਾ ਵਾਕਆਉਟ
  • PublishedMay 10, 2022

ਗੁਰਦਾਸਪੁਰ, 10 ਮਈ (ਮੰਨਣ ਸੈਣੀ)। ਪਿਛਲੇ ਦਿਨਾਂ ਤੋਂ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਰਿਹਾ ਜਲਵਾ ਆਖਿਰ ਢੱਲ ਹੀ ਗਿਆ। ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੇ ਰੋਸ਼ ਦਾ ਤਾਪ ਨਾ ਝਲਦੀਆਂ ਦੇਰ ਨਾਲ ਹੀ ਸਹੀਂ ਪਰ ਦਰੁਸਤ ਆਉਂਦੀਆਂ ਜਲਵੇ ਦੇ ਪਾਰਿਵਾਰਿਕ ਮੈਂਬਰਾਂ ਵੱਲੋਂ ਹਰਦੋਛਨੀਆਂ ਰੋਡ ਤੇ ਸਥਿਤ ਨਾਜ਼ਾਇਜ ਖੋਖਾ ਆਪ ਹੀ ਹਟਾ ਲਿਆ ਗਿਆ ਅਤੇ ਜੰਗਲਾਤ ਦੀ ਥਾਂ ਖਾਲੀ ਕਰ ਦਿੱਤੀ ਗਈ। ਖੋਖੇ ਦੇ ਮਾਲਿਕ ਅਤੇ ਪਾਰਿਵਾਰਿਕ ਮੈਂਬਰਾਂ ਵੱਲੋ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਜਿੰਨਾ ਤਵਾ ਗਰਮ ਸੀ ਉਹਨੀਂ ਹੀ ਰੋਟੀ ਸੇਕੀ ਗਈ ਅਤੇ ਰੋਟੀ ਸੜਨ ਤੋਂ ਪਹਿਲਾ ਹੀ ਉਤਾਰ ਵੀ ਲਈ ਗਈ।

ਦੱਸਣਯੋਗ ਹੈ ਕਿ ਇਹ ਖੋਖਾ ਜੰਗਲਾਤ ਵਿਭਾਗ ਦੀ ਜਮੀਨ ਤੇ ਬਣਿਆ ਹੋਇਆ ਸੀ ਅਤੇ ਅਫਸਰ ਸਰਕਾਰ ਬਦਲਣ ਤੋਂ ਪਹਿਲਾਂ ਕੁੰਬਕਰਨੀ ਨੀਂਦ ਸੁੱਤੇ ਪਏ ਸਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਪਹਿਲਾਂ ਇਸ ਤੇ ਆਪ ਕੋਈ ਕਾਰਵਾਈ ਨਾ ਕੀਤੀ ਗਈ ਅਤੇ ਸੱਤਾ ਅਤੇ ਸਿਆਲਤ ਬਦਲਣ ਨਾਲ ਹੀ ਸਰਕਾਰੀ ਬਾਬੂਆਂ ਵਾਲਾ ਵਤੀਰਾ ਵਿਖਾਇਆ ਗਿਆ । ਇਸ ਖੋਖੇ ਨੇ ਗੁਰਦਾਸਪੁਰ ਦੀ ਸਿਆਸਤ ਚੰਗੀ ਭਖਾ ਦਿੱਤੀ ਸੀ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਆਪ ਆਗੂ ਰਮਨ ਬਹਿਲ ਨੇ ਇਸ ਨੂੰ ਖੋਖੇ ਨੂੰ ਆਪਣੇ ਅਹਿਮ ਦਾ ਸਵਾਲ ਬਣਾ ਲਿਆ ਸੀ। ਪਰ ਆਪ ਹੀ ਖੋਖੇ ਮਾਲਿਕ ਦੇ ਪਾਰਿਵਾਰਿਕ ਮੈਂਬਰਾਂ ਵੱਲ਼ੋਂ ਆਪ ਤਾਂ ਡੱਬ ਕੇ ਜਜਮਾਨ ਬਚਾ ਲਏ ਗਏ।

ਜਿੱਥੇ ਗੁਰਦਾਸਪੁਰ ਤੋਂ ਵਿਧਾਇਕ ਪਾਹੜਾ ਵਲੋਂ ਇਸ ਖੋਖੇ ਨੂੰ ਨਾ ਢਾਹੁਣ ਤੇ ਆਪ ਆਗੂ ਰਮਨ ਬਹਿਲ ਤੇ ਬਦਲੇ ਦੀ ਰਾਜਨੀਤੀ ਦੇ ਦੋਸ਼ ਲਗਾਉਂਦੇ ਹੋਏ ਅਤੇ ਕਈ ਹਮਲੇ ਕਰਦੇ ਦਿੱਖੇ। ਉਥੇ ਹੀ ਰਮਨ ਬਹਿਲ ਵੱਲੋਂ ਵੀ ਜਵਾਬੀ ਫਾਇਰ ਕਰਦੇ ਹੋਏ ਮੋਰਚਾ ਸੰਭਾਲਿਆ ਗਿਆ ਅਤੇ ਵਿਧਾਇਕ ਉੱਤੇ ਖੋਖੇ ਮਾਲਿਕ ਦੇ ਖਾਸ ਕਿਰਪਾ ਬਣਾਏ ਰੱਖਣ ਸੰਬੰਧੀ ਸਵਾਲ ਖੜੇ ਕੀਤੇ ਗਏ। ਵਿਧਾਇਕ ਵੱਲੋਂ ਜਿੱਥੇ ਇਸ ਖੋਖੇ ਨੂੰ ਬਚਾਉਣ ਲਈ ਇਸ ਖੋਖੇ ਵਿੱਚ ਕਾਫੀ ਸਮਾਂ ਗੁਜ਼ਾਰਦੀਆਂ ਹੋਇਆ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪਾਠ ਪੜਾਇਆ ਗਿਆ। ਉੱਥੇ ਹੀ ਰਮਨ ਬਹਿਲ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਫਰਮਾਨ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈਆਂ ਸ਼ਿਕਾਇਤਾ ਦਿਖਾਇਆਂ ਗਈਆਂ। ਉਸ ਰੋਡ ਤੇ ਵੱਸਦੇ ਲੋਕਾਂ ਵੱਲੋਂ ਵੀ ਸਾਹਮਣੇ ਹੋ ਕੇ ਇਸ ਖੋਖੇ ਸਮੇਤ ਉਸ ਰੋਡ ਅਤੇ ਸ਼ਹਿਰ ਤੇ ਤੈਨਾਤ ਸਾਰੇ ਨਾਜ਼ਾਇਜ ਸ਼ਰਾਬ ਖਾਣੇ ਅਤੇ ਕਬਜਿਆਂ ਨੂੰ ਹਟਾਉਣ ਦੀ ਗੱਲ਼ ਕਹੀ ਗਈ ਅਤੇ ਪ੍ਰਸ਼ਾਸਨ ਨੂੰ ਵੀ ਇਸ ਬਾਬਤ ਸ਼ਿਕਾਇਤ ਭੇਜੀ ਗਈ।

ਇਸ ਮੌਕੇ ਤੇ ਪ੍ਰਸ਼ਾਸਨ ਦੇ ਰਾਹ ਵਿੱਚ ਅੱੜੀਕਾ ਪਾਉਣ ਦੇ ਚਲਦਿਆਂ ਖੋਖੇ ਮਾਲਿਕ ਜਲਵੇ ਸਮੇਤ 50 ਅਨਪਛਾਤੇ ਲੋਕਾਂ ਤੇ ਵੀ ਮਾਮਲਾ ਦਰਜ ਹੋਇਆ। ਜਿਸ ਤੋਂ ਬਾਅਦ ਖੋਖੇ ਦੇ ਮਾਲਿਕਾਂ ਅਤੇ ਪਰਿਵਾਰ ਵੱਲੋ ਸਾਰੇ ਤੱਥ ਸਾਹਮਣੇ ਰੱਖਦੇ ਹੋਏ ਆਪ ਹੀ ਪਾਸੇ ਹੋਣਾ ਮੁਣਾਸਿਬ ਸਮਝਿਆ ਗਿਆ ਅਤੇ ਰਾਜਨੀਤਿਕ ਦੇ ਇਸ ਦੰਗਲ ਵਿੱਚੋ ਵਾਕ ਆਉਟ ਕਰਦਿਆਂ ਆਪ ਹੀ ਖੋਖਾ ਢਾਹ ਲਿਆ ਗਿਆ। ਲੋਕਾਂ ਅੰਦਰ ਇਹ ਵੀ ਸੁਨਣ ਵਿੱਛ ਆਇਆ ਕਿ ਜਲਵਾ ਢੱਲ ਗਿਆ ਪਰ ਕਾਫ਼ੀ ਫਾਇਦਾ ਲੈ ਗਿਆ। ਲੋਕ ਇਹ ਵੀ ਕਹਿੰਦੇ ਦਿੱਖੇ ਕੀ ਆਗੇ ਆਗੇ ਦੇਖੀਏ ਹੋਤਾ ਹੈ ਕਿਆ।

Written By
The Punjab Wire