ਆਰਥਿਕਤਾ ਗੁਰਦਾਸਪੁਰ ਪੰਜਾਬ

ਆਪ ਸਰਕਾਰ ਵੱਲੋਂ `ਜਨਤਾ ਬਜਟ` ਬਾਰੇ ਲੋਕਾਂ ਤੋਂ ਸੁਝਾਅ ਮੰਗਣਾ ਇੱਕ ਇਤਿਹਾਸਕ ਤਬਦੀਲੀ – ਹਰਪਾਲ ਸਿੰਘ ਚੀਮਾ

ਆਪ ਸਰਕਾਰ ਵੱਲੋਂ `ਜਨਤਾ ਬਜਟ` ਬਾਰੇ ਲੋਕਾਂ ਤੋਂ ਸੁਝਾਅ ਮੰਗਣਾ ਇੱਕ ਇਤਿਹਾਸਕ ਤਬਦੀਲੀ – ਹਰਪਾਲ ਸਿੰਘ ਚੀਮਾ
  • PublishedMay 10, 2022

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸ਼ਿਵ ਆਡੀਟੋਰੀਅਮ ਵਿਖੇ ‘ਜਨਤਾ ਬਜਟ’ ਲਈ ਉਦਯੋਗਪਤੀਆਂ, ਵਪਾਰੀਆਂ ਅਤੇ ਵੱਖ-ਵੱਖ ਵਰਗਾਂ ਕੋਲੋਂ ਸੁਝਾਅ ਲਏ

ਆਮ ਲੋਕਾਂ ਦੇ ਸੁਝਾਵਾਂ ਰਾਹੀਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ

ਬਟਾਲਾ, 10 ਮਈ ( ਮੰਨਣ ਸੈਣੀ  ) । ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਉਦਯੋਗਪਤੀਆਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ‘ਜਨਤਾ ਬਜਟ’ ਲਈ ਸੁਝਾਅ ਲਏ। ਮੀਟਿੰਗ ਵਿੱਚ ਉਨ੍ਹਾਂ ਨਾਲ ਵਿਧਾਇਕ ਬਟਾਲਾ ਸ੍ਰੀ ਅਮਨ ਸ਼ੇਰ ਸਿੰਘ ਕਲਸੀ, ਵਿਧਾਇਕ ਸ੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਸੀਨੀਅਰ ਆਗੂ ਰਮਨ ਬਹਿਲ, ਜਗਰੂਪ ਸਿੰਘ ਸੇਖਵਾਂ, ਨਵਦੀਪ ਸਿੰਘ ਪੰਨੂ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਸ਼ਹਿਰੀ ਮੌਜੂਦ ਸਨ।

ਜਨਤਾ ਬਜਟ ਵਿੱਚ ਲੋਕਾਂ ਦੇ ਸੁਝਾਅ ਲੈਣ ਮੌਕੇ ਸੂਬੇ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ ਅਤੇ ਸਰਕਾਰ ਹਰ ਉਹ ਫੈਸਲਾ ਲਵੇਗੀ ਜੋ ਸੂਬੇ ਦੇ ਲੋਕਾਂ ਦੇ ਹੱਕ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 50 ਦਿਨਾਂ ਵਿੱਚ ਉਹ ਇਤਿਹਾਸਕ ਫੈਸਲੇ ਲਏ ਹਨ ਜੋ ਦੂਸਰੀਆਂ ਸਰਕਾਰਾਂ ਪੂਰੇ ਕਾਰਜਕਾਲ ਦੌਰਾਨ ਵੀ ਨਹੀਂ ਕਰ ਪਾਉਂਦੀਆਂ। ਉਨ੍ਹਾਂ ਕਿਹਾ ਕਿ `ਅਸੀਂ ਪਹਿਲਾਂ ਹੀ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰ ਚੁੱਕੇ ਹਾਂ, ਇਸ ਤੋਂ ਇਲਾਵਾ ਕਈ ਹੋਰ ਲੋਕ-ਪੱਖੀ ਫੈਸਲੇ ਵੀ ਪਹਿਲਾਂ ਹੀ ਲਏ ਜਾ ਚੁੱਕੇ ਹਨ। ਇੱਥੋਂ ਤੱਕ ਕਿ ਸਾਡੇ ਪਹਿਲੇ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਤੋਂ ਸੁਝਾਅ ਮੰਗਣਾ ਆਪਣੇ ਆਪ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ`।

ਬਟਾਲਾ ਦੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਦਯੋਗ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ ਅਤੇ ਜੇਕਰ ਉਦਯੋਗਾਂ ਨੂੰ ਮੁੜ ਲੀਹਾਂ `ਤੇ ਲਿਆਉਣ ਲਈ ਹੁਣ ਸਹੀ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਜਨਤਾ ਬਜਟ’ ਬਾਰੇ ਸਮਾਜ ਦੇ ਹਰ ਵਰਗ ਦੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ ਅਤੇ ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੇ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਸ. ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੂੰ ਹੁਣ ਤੱਕ 1 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋ ਚੁੱਕੇ ਹਨ।

ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਦੀਆਂ ਮੁੱਖ ਮੰਗਾਂ ਨੂੰ ਵਿੱਤ ਮੰਤਰੀ ਸਾਹਮਣੇ ਰੱਖ ਕੇ ਅਗਾਮੀ ਬਜਟ ਵਿੱਚ ਇਸ ਸਬੰਧੀ ਵਿਸ਼ੇਸ਼ ਫੰਡ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੀ ਸਨਅਤ ਦੇ ਉਥਾਨ ਵਾਸਤੇ ਰਾਜ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਸਿਵਲ ਹਸਪਤਾਲ ਬਟਾਲਾ ਨੂੰ ਅਪਗਰੇਡ ਕਰਨ, ਸਿੱਖਿਆ ਢਾਂਚੇ ’ਚ ਸੁਧਾਰ ਲਿਆਉਣ, ਸਰਕਾਰੀ ਕਾਲਜ ਦੀ ਸਥਾਪਨਾ ਅਤੇ ਬਟਾਲਾ ਸ਼ਹਿਰ ਦੀਆਂ ਵਿਰਾਸਤਾਂ ਦੀ ਸੰਭਾਲ ਲਈ ਵੀ ਵਿਸ਼ੇਸ਼ ਉਪਰਾਲੇ ਕਰਨ ਦੀ ਬੇਨਤੀ ਕੀਤੀ।

ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੀ ਆਪਣੇ ਹਲਕੇ ਦੇ ਵਿਕਾਸ ਦੀਆਂ ਮੰਗਾਂ ਰੱਖਦੇ ਹੋਏ ਜਨਤਾ ਬਜਟ ਵਿੱਚ ਇਨ੍ਹਾਂ ਲਈ ਵਿਸ਼ੇਸ਼ ਬਜਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਵਿਕਾਸ ਪੱਖੋਂ ਬਹੁਤ ਪੱਛੜਿਆ ਹਲਕਾ ਹੈ ਅਤੇ ਇਸਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਸ਼ਹਿਰ ਗੁਰੂ ਸਾਹਿਬਾਨ ਦਾ ਵਸਾਇਆ ਹੋਇਆ ਸ਼ਹਿਰ ਹੈ ਇਸਨੂੰ ਟੂਰਿਜ਼ਮ ਮੈਪ ’ਤੇ ਲਿਆਂਦਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਬਜਟ ਵਿੱਚ ਵਿਸ਼ੇਸ਼ ਕੋਟਾ ਰੱਖਣ ਦੀ ਮੰਗ ਵੀ ਕੀਤੀ।

ਜਨਤਾ ਬਜਟ ਸਬੰਧੀ ਆਪਣੇ ਸੁਝਾਅ ਦੇਣ ਵਾਲੇ ਉਦਯੋਗਪਤੀਆਂ ਵਿੱਚ ਵੀ.ਐੱਮ. ਗੋਇਲ, ਭਾਰਤ ਭੂਸ਼ਨ ਅਗਰਵਾਲ, ਰਜਿੰਦਰਾ ਫਾਊਂਡਰੀ ਤੋਂ ਸੁਖਜਿੰਦਰ ਸਿੰਘ, ਯਸਪਾਲ ਚੌਹਾਨ, ਸਮਾਜ ਦੇ ਹੋਰ ਵਰਗਾਂ ਤੋਂ ਐਡਵੋਕੇਟ ਭਰਤ ਅਗਰਵਾਲ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ, ਡੀ.ਪੀ.ਆਰ.ਓ ਇੰਦਰਜੀਤ ਸਿੰਘ ਹਰਪੁਰਾ, ਕੌਂਸਲਰ ਰਾਜੇਸ਼ ਤੁਲੀ, ਸਰਦੂਲ ਸਿੰਘ, ਮਾਸਟਰ ਨਵਦੀਪ ਸਿੰਘ ਚੂਹੇਵਾਲ ਸ਼ਾਮਲ ਸਨ। ਬੇਰਿੰਗ ਕਾਲਜ ਬਟਾਲਾ ਦੇ ਪ੍ਰੋਫੈਸਰ ਡਾ. ਅਸ਼ਵਨੀ ਕਾਂਸਰਾ ਨੇ ਬਜਟ ਸਬੰਧੀ ਆਪਣੇ ਕੀਮਤੀ ਸੁਝਾਅ ਦਿੱਤੇ। ਇਸ ਮੌਕੇ ਪ੍ਰਿੰਸ ਰੰਧਾਵਾ, ਤਰੁਨ ਕਲਸੀ, ਅੰਮ੍ਰਿਤ ਕਲਸੀ, ਬਲਵਿੰਦਰ ਮਿੰਟਾ, ਰਾਕੇਸ਼ ਤੁਲੀ, ਗੁਰਜੰਟ ਸਿੰਘ, ਮਨੋਹਰ ਸਿੰਘ ਮਠਾਰੂ, ਰਵਿੰਦਰ ਸਿੰਘ ਨਾਗੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

Written By
The Punjab Wire