ਗੁਰਦਾਸਪੁਰ, 7 ਮਈ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਸੂਬੇ ਦੀ ਆਮ ਆਦਮੀ ਸਰਕਾਰ ਦੇ ਉਸ ਫ਼ੈਸਲੇ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ 18 ਜੂਨ ਤੋਂ ਅਤੇ ਮਾਝਾ ਖੇਤਰ ਵਿੱਚ 26 ਜੂਨ ਤੋਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਦੇਰੀ ਨਾਲ ਝੋਨੇ ਦੀ ਲੁਆਈ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ।
ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਪਨੀਰੀ ਲਗਾ ਦਿੱਤੀ ਹੈ, ਨਿਰਧਾਰਿਤ ਤਾਰੀਖ਼ਾਂ ਤੱਕ ਉਹ ਪਨੀਰੀ ਮੋਟੀ ਹੋ ਕੇ ਖ਼ਰਾਬ ਹੋ ਜਾਵੇਗੀ । ਇਸ ਦੇ ਨਾਲ ਹੀ ਜਦੋਂ ਝੋਨਾ ਪੱਕਣਾ ਸ਼ੁਰੂ ਹੋਵੇਗਾ ਤਾਂ ਮੌਸਮ ਵਿੱਚ ਠੰਢਕ ਸ਼ੁਰੂ ਹੋ ਜਾਵੇਗੀ । ਇਸ ਨਾਲ ਝੋਨੇ ਦੇ ਪੱਕਣ ਤੇ ਉਸ ਵਿੱਚ ਨਮੀ ਦੀ ਮਾਤਰਾ ਵਧੇਰੇ ਹੋ ਜਾਵੇਗੀ । ਇਸ ਨਮੀ ਕਾਰਨ ਕਿਸਾਨਾਂ ਨੂੰ ਝੋਨੇ ਦਾ ਰੇਟ ਵੀ ਜਿੱਥੇ ਘੱਟ ਮਿਲੇਗਾ ਉੱਥੇ ਮੰਡੀਆਂ ਵਿੱਚ ਖ਼ੱਜਲ-ਖ਼ੁਆਰੀ ਵੱਖਰੀ ਹੋਵੇਗੀ ।ਕਈ ਕਿਸਾਨਾਂ ਨੇ ਅਗੇਤੀ ਫ਼ਸਲ ਦੀ ਬਿਜਾਈ ਕਰਨੀ ਹੁੰਦੀ ਹੈ ਜਿਵੇਂ ਆਲੂ, ਮਟਰ ਆਦਿ ਅਤੇ ਝੋਨਾ ਲੇਟ ਪੱਕਣ ਦੇ ਕਾਰਨ ਇਹ ਫ਼ਸਲਾਂ ਦੀ ਬਿਜਾਈ ਨਹੀਂ ਕਰ ਸਕਣਗੇ ਜਿਸ ਨਾਲ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਹੁੰਦਾ ਹੈ । ਸਰਦਾਰ ਬੱਬੇਹਾਲੀ ਨੇ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਝੋਨੇ ਦੀ ਲੁਆਈ ਦੀ ਤਾਰੀਖ਼ 5 ਤੋਂ 10 ਜੂਨ ਦਰਮਿਆਨ ਤੈਅ ਕੀਤੀ ਜਾਵੇ ।