ਸਿੱਖਿਆ ਗੁਰਦਾਸਪੁਰ ਪੰਜਾਬ

ਮੁਲਜ਼ਮਾਂ ਦੇ ਨਾ ਫੜੇ ਜਾਣ ਦੇ ਰੋਹ ਕਾਰਨ ਰਿਸ਼ਤੇਦਾਰਾਂ ਨੇ ਲਾਸ਼ ਨੂੰ ਨੈਸ਼ਨਲ ਹਾਈਵੇਅ ’ਤੇ ਰੱਖ ਕੇ ਸੜਕ ਕੀਤੀ ਜਾਮ,ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕਿਆ

ਮੁਲਜ਼ਮਾਂ ਦੇ ਨਾ ਫੜੇ ਜਾਣ ਦੇ ਰੋਹ ਕਾਰਨ ਰਿਸ਼ਤੇਦਾਰਾਂ ਨੇ ਲਾਸ਼ ਨੂੰ ਨੈਸ਼ਨਲ ਹਾਈਵੇਅ ’ਤੇ ਰੱਖ ਕੇ ਸੜਕ ਕੀਤੀ ਜਾਮ,ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕਿਆ
  • PublishedMay 1, 2022

ਗੁਰਦਾਸਪੁਰ,01 ਮਈ (ਮੰਨਣ ਸੈਣੀ)। 14 ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਐਤਵਾਰ ਨੂੰ ਮ੍ਰਿਤਕ ਦੇ ਵਾਰਸਾਂ ਨੇ ਕਿਸਾਨ ਆਗੂਆਂ ਤੇ ਸਿਆਸੀ ਲੋਕਾਂ ਨਾਲ ਮਿਲ ਕੇ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਲਾਸ਼ ਸੜਕ ’ਤੇ ਰੱਖ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਢਿੱਲੀ ਕਾਰਵਾਈ ਕਰਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਧਰਨੇ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਪ੍ਰਭਾਵਿਤ ਹੋਈ। ਭਾਵੇਂ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਸਾਢੇ ਚਾਰ ਘੰਟੇ ਦੇ ਧਰਨੇ ਤੋਂ ਬਾਅਦ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।

ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਨੂੰ ਚਾਰ ਦਿਨ ਹੋ ਗਏ ਹਨ। ਪਰ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਸਿਰਫ਼ ਭਰੋਸਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਉਹ ਸੜਕ ‘ਤੇ ਉਤਰਨ ਲਈ ਮਜਬੂਰ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਏ ਚਾਰ ਦਿਨ ਹੋ ਗਏ ਹਨ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਭਰੋਸੇ ਤੋਂ ਬਾਅਦ ਚੁੱਕਿਆ ਧਰਨਾ-

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਗੁੱਸੇ ’ਚ ਰਿਸ਼ਤੇਦਾਰਾਂ ਨੇ ਸਵੇਰੇ 11.30 ਵਜੇ ਲਾਸ਼ ਨੂੰ ਨੈਸ਼ਨਲ ਹਾਈਵੇ ਰੋਡ ’ਤੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਉਧਰ, ਡੀਐਸਪੀ ਰਾਜਬੀਰ ਸਿੰਘ ਧਰਨਾ ਚੁੱਕਣ ਲਈ ਸਭ ਤੋਂ ਪਹਿਲਾਂ ਪੁੱਜੇ। ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਪਰਿਵਾਰਕ ਮੈਂਬਰ ਇਸ ਗੱਲ ‘ਤੇ ਅੜੇ ਰਹੇ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਧਰਨਾ ਨਹੀਂ ਚੁੱਕਣਗੇ। ਉਧਰ, ਸ਼ਾਮ ਚਾਰ ਵਜੇ ਧਰਨੇ ਵਾਲੀ ਥਾਂ ’ਤੇ ਪੁੱਜੇ ਐਸਪੀ ਡਾਕਟਰ ਮੁਕੇਸ਼ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਤਿੰਨ ਮਈ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਮਿੱਥੇ ਸਮੇਂ ਤੱਕ ਬੱਚੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਮੁੜ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਭਰੋਸਾ ਮਿਲਣ ‘ਤੇ ਧਰਨਾ ਚੁੱਕ ਲਿਆ।

Written By
The Punjab Wire