ਲੋਕਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਮੇਤ ਮਾਲ ਅਧਿਕਾਰੀਆਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਗੁਰਦਾਸਪੁਰ, 8 ਅਪ੍ਰੈਲ ( ਮੰਨਣ ਸੈਣੀ)। ਪੰਜਾਬ ਸਰਕਾਰ ਵਲੋ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਲੋਕਹਿੱਤ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਦਫਤਰਾਂ ਵਿਚ ਵੱਖ-ਵੱਖ ਦਸਤਾਵੇਜ਼ ਨੂੰ ਲਿਖਣ ਲਈ ਨਿਰਧਾਰਤ ਕੀਤੀ ਸਰਕਾਰੀ ਫੀਸ ਤਹਿਤ ਕੰਮ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਕਾਮਯਾਬ ਹੋਈ ਹੈ ਤੇ ਇਸ ਉਪਰਾਲੇ ਦੇ ਚੰਗੇ ਨਤੀਜੇ ਵੇਖਣ ਨੂੰ ਮਿਲੇ ਹਨ।
ਤਹਿਸੀਲਾਂ ਵਿਚ ਕੰਮ ਕਰਵਾਉਣ ਆਉਂਦੇ ਲੋਕਾਂ ਕੋਲੋਂ ਉੱਚ ਅਧਿਕਾਰੀਆਂ ਵਲੋਂ ਲਈ ਜਾ ਰਹੀ ਫੀਡਬੈਕ ਤਹਿਤ ਪਿਆਰਾ ਸਿੰਘ ਵਾਸੀ ਦੀਨਾਨਗਰ ਨੇ ਦੱਸਿਆ ਕਿ ਉਸਨੇ ਤਹਿਸੀਲ ਦੀਨਾਨਗਰ ਤੋਂ ਪੈਲੀ ਦੀ ਰਜਿਸਟਰੀ ਕਰਵਾਈ ਸੀ ਤੇ ਸਰਕਾਰੀ ਰੇਟ ਅਨੁਸਾਰ ਕੰਮ ਹੋਣ ਤੇ ਉਸਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਤਹਿਸੀਲ ਵਿਚ ਮਾਲ ਵਿਭਾਗ ਦੇ ਅਧਿਕਾਰੀਆ ਵਲੋ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੱਮ ਕੀਤੇ ਜਾ ਰਹੇ ਹਨ, ਜੋ ਕਿ ਤਸੱਲੀ ਵਾਲੀ ਗੱਲ ਹੈ। ਧਾਰੀਵਾਲ ਦੇ ਸ਼ੁਸੀਲ ਕੁਮਾਰ ਨੇ ਦੱਸਿਆ ਕਿ ਉਸਨੇ ਪਰਾਪਰਟੀ ਟਰਾਂਸਫਰ ਦਾ ਕੰਮ ਕਰਵਾਇਆ ਤੇ ਉਸਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਤੇ ਨਿਰਧਾਰਿਤ ਸਰਕਾਰੀ ਫੀਸ ਵਿਚ ਕੰਮ ਹੋਣ ਤੇ ਉਸਨੇ ਪੰਜਾਬ ਸਰਕਾਰ ਤੇ ਪਰਸਾਸਨ ਦਾ ਧੰਨਵਾਦ ਕੀਤਾ। ਆਪਣੀ ਜਮੀਨ ਦੀ ਰਜਿਸਟਰੀ ਕਰਵਾਉਣ ਵਾਲੀ ਮਨਦੀਪ ਕੇਰ ਨੇ ਦੱਸਿਆ ਕਿ ਉਸਨੂੰ ਕਾਹਨੂੰਵਾਨ ਤਹਿਸੀਲ ਦਫਤਰ ਵਿਚ ਕੋਈ ਮੁਸ਼ਕਿਲ ਨਹੀ ਆਈ ਤੇ ਕੋਈ ਓਵਰ ਚਾਰਜ ਨਹੀਂ ਕੀਤਾ ਗਿਆ।ਇਸੇ ਤਰ੍ਹਾਂ ਬਟਾਲਾ ਤੋਂ ਬਲਵਿੰਦਰ ਸਿੰਘ ਨੇ ਰਜਿਸਟਰੀ ਤੇ ਡੇਰਾ ਬਾਬਾ ਨਾਨਕ ਤਹਿਸੀਲ ਤੋ ਜਮੀਨ ਦਾ ਤਬਾਦਲਾ ਕਰਵਾਉਣ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲਾਂ ਵਿਚ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਜਿਲਾ ਪਰਸ਼ਾਸਨ ਵਲੋ ਉਠਾਏ ਗਏ ਕਦਮਾਂ ਨਾਲ ਬਹੁਤ ਰਾਹਤ ਮਿਲੀ ਹੈ ਤੇ ਲੋਕਾਂ ਦੇ ਕੰਮ ਬਿਨਾਂ ਦੇਰੀ ਅਤੇ ਨਿਰਧਾਰਿਤ ਸਰਕਾਰੀ ਫੀਸਾਂ ਤਹਿਤ ਹੋ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਲੋਕਹਿੱਤ ਨੂੰ ਮੁੱਖ ਰੱਖਦਿਆਂ ਵੱਖ-ਵੱਖ ਦਸਤਾਵੇਜ਼ਾਂ ਨੂੰ ਲਿਖਣ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਮੰਤਵ ਨਾਲ ਤਹਿਸੀਲਾਂ ਵਿਚੋ ਕੰਮ ਕਰਵਾ ਕੇ ਗਏ ਲੋਕਾਂ ਕੋਲੋ ਫੋਨ ਕਰਕੇ ਉੱਚ ਅਧਿਕਾਰੀਆਂ ਜਿਵੇ ਏਡੀਸੀ (ਜ), ਐਸਡੀਐਮ, ਜਿਲਾ ਮਾਲ ਅਫਸਰ ਸਮੇਤ ਹੋਰਨਾ ਅਧਿਕਾਰੀਆਂ ਵਲੋ ਜਾਣਕਾਰੀ ਲਈ ਜਾਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੌਰਾਨ ਕੋਈ ਮੁਸ਼ਕਿਲ ਨਾ ਆਵੇ, ਉਸਨੂੰ ਯਕੀਨੀ ਬਣਾਉਣ ਲਈ ਇਹ ਉਪਰਾਲਾ ਵਿੱਢਿਆ ਗਿਆ ਹੈ। ਉਨਾ ਤਸੱਲੀ ਪ੍ਰਗਟਾਈ ਕਿ ਜਿਲਾ ਪ੍ਰਸ਼ਾਸਨ ਸਮੇਤ ਮਾਲ ਵਿਭਾਗ ਇਕ ਟੀਮ ਵਜੋ ਲੋਕਹਿਤ ਲਈ ਕੰਮ ਕਰਨ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਸੀਕਾ ਨਵੀਸਾਂ ਕੋਲੋ ਨਿਰਧਾਰਤ ਫੀਸ ਅਨੁਸਾਰ ਹੀ ਕੰਮ ਕਰਵਾਉਣ ਅਤੇ ਜੇਕਰ ਕੋਈ ਵਸੀਕਾ ਨਵੀਸ ਓਵਰ ਚਾਰਜ ਕਰਦਾ ਹੈ, ਤਾਂ ਉਸਦੀ ਸ਼ਿਕਾਇਤ ਵਟਸਐਪ ਨੰਬਰ 62393-01830, ਫੋਨ ਕਾਲ ਕਰਨ ਲਈ 94640-67839 ਨੰਬਰ ਤੇ ਈਮੇਲ ceabranchgsp@gmail.com ਰਾਹੀਂ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਕੰਮ ਦੇ ਪਹਿਲ ਦੇ ਆਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ 1, 4,5,6 ਅਪਰੈਲ ਨੂੰ ਕਰਮਵਾਰ 98,205,149,188 ਰਜਿਸਟਰੀਆਂ ਅਾਦਿ ਦੇ ਕੰਮ ਹੋਏ ਸਨ ਅਤੇ ਇਨਾ ਵਿਚੋ ਕਰੀਬ ਪੰਜ ਫੀਸਦ ਲੋਕਾਂ ਨੂੰ ਰੈਡਮਵਾਈਜ ਫੋਨ ਕਰਕੇ ਫੀਡਬੈਕ ਲਈ ਸੀ ਕਿ ਉਨ੍ਹਾਂ ਨੂੰ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਜਾਂ ਕੋਈ ਓਵਰ ਚਾਰਜ ਤਾਂ ਨਹੀ ਕੀਤਾ ਗਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ੁਰੂਆਤੀ ਦਿਨਾ ਵਿਚ ਕਾਹਨੂੰਵਾਨ ਤੇ ਫਤਹਿਗੜ੍ਹ ਚੂੜੀਆਂ ਤੋ ਵਸੀਕਾ ਨਵੀਸ ਵਲੋ ਓਵਰ ਚਾਰਜ ਕਰਨ ਦੀ ਸ਼ਿਕਾਇਤ ਮਿਲੀ ਸੀ। ਭਾਵੇਂ ਕਿ ਉਪਰੋਕਤ ਦੋਨੇ ਵਸੀਕਾ ਨਵੀਸਾ ਵਲੋ ਵਾਧੂ ਲਏ ਪੈਸੇ ਸ਼ਿਕਾਇਤ ਕਰਤਾ ਨੂੰ ਵਾਪਸ ਕਰ ਦਿੱਤੇ ਗਏ ਸਨ ਪਰ ਉਨ੍ਹਾਂ ਨੂੰ ਸਬੰਧਤ ਅਥਾਰਟੀ ਵਲੋ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।