ਮੰਗ ਕੀਤੀ ਗਈ ਕਿ ਮਾਸੂਮ ਬੱਚੀ ਨਾਲ ਹੋਈ ਘਟਨਾ ਬਾਰੇ ਹਰ ਪੱਖ ਤੋਂ ਮੁਕੰਮਲ ਜਾਂਚ ਕਰਕੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ
ਗੁਰਦਾਸਪੁਰ, 6 ਅਪ੍ਰੈਲ (ਮੰਨਣ ਸੈਣੀ)। ਬੁੱਧਵਾਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ‘ਤੇ ਆਧਾਰਤ ਬਣੀ ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਮੀਟਿੰਗ ਸਾਥੀ ਗੁਲਜ਼ਾਰ ਸਿੰਘ ਬਸੰਤਕੋਟ ਦੀ ਪ੍ਰਧਾਨਗੀ ਹੇਠ ਹੋਈ ।
ਮੀਟਿੰਗ ਵਿਚ ਚਾਰ ਸਾਲਾ ਮਾਸੂਮ ਬੱਚੀ ਨਾਲ ਸਕੂਲ ਵਿੱਚ ਹੋਈ ਅਤਿਅੰਤ ਘਿਨਾਉਣੀ ਘਟਨਾ ਦੇ ਹਰ ਪਹਿਲੂ ਤੇ ਵਿਚਾਰ ਕੀਤਾ ਗਿਆ ।ਮੀਟਿੰਗ ਵਿੱਚਇਸ ਕੇਸ ਦੀ ਤਫ਼ਤੀਸ਼ ਦੀ ਮੁਕੰਮਲ ਜਾਣਕਾਰੀ ਲੈਣ ਵਾਸਤੇ ਐੱਸਐੱਸਪੀ ਸਾਹਿਬ ਨੂੰ ਮਿਲਣ ਦਾ ਫੈਸਲਾ ਹੋਇਆ ।ਕਮੇਟੀ ਦੇ ਫ਼ੈਸਲੇ ਉਪਰੰਤ ਵਫ਼ਦ ਐੱਸਐੱਸਪੀ ਸਾਹਿਬ ਗੁਰਦਾਸਪੁਰ ਨੂੰ ਮਿਲਿਆ ਅਤੇ ਕੇਸ ਦੀ ਤਫ਼ਤੀਸ਼ ਦੀ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ।
ਵਫ਼ਦ ਨੇ ਸਕੂਲ ਦੇ ਸਾਰੇ ਕੈਮਰੇ ਠੀਕ ਤਰ੍ਹਾਂ ਘੋਖਣ ਦੇ ਨਾਲ ਨਾਲ ਹੋਰ ਹੋਰ ਵੀ ਹਰ ਪਹਿਲੂ ਬਾਰੇ ਤਫਤੀਸ਼ ਕਰਨ ਦੀ ਗੱਲ ਆਖੀ ।ਇਹ ਵੀ ਕਿਹਾ ਗਿਆ ਕਿ ਘਟਨਾ ਕਿਸ ਥਾਂ ਤੇ ਹੋਈ ਇਸ ਬਾਰੇ ਹੋਰ ਬਰੀਕੀ ਨਾਲ ਘੋਖਿਆ ਜਾਵੇ । ਇਸ ਬਾਰੇ ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ ਹੋਰ ਦੇਰ ਨਾ ਕੀਤੀ ਜਾਵੇ ਅਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ।ਆਗੂਆਂ ਨੇ ਕਿਹਾ ਕਿ ਜਿਉਂ ਜਿਉਂ ਦੇਰੀ ਹੋ ਰਹੀ ਹੈ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਰਿਹਾ ਹੈ ਜਿਸ ਨਾਲ ਪੀਡ਼ਤ ਪਰਿਵਾਰ ਨੂੰ ਹੋਰ ਵੀ ਦੁੱਖ ਪਹੁੰਚਦਾ ਹੈ ।ਦੇਰੀ ਕਾਰਨ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਖ਼ਦਸ਼ੇ ਪੈਦਾ ਹੋ ਰਹੇ ਹਨ ਇਸ ਲਈ ਇਸ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ ।
ਮੀਟਿੰਗ ਉਪਰੰਤ ਸੰਘਰਸ਼ ਕਮੇਟੀ ਨੇ ਐੱਸ ਐੱਸ ਪੀ ਅਤੇ ਐੱਸ ਪੀ ਡਾ ਮੁਕੇਸ਼ ਕੁਮਾਰ ਹੋਰਾਂ ਨਾਲ ਹੋਈ ਗੱਲਬਾਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਫ਼ੈਸਲਾ ਕੀਤਾ ਕਿ ਅਗਰ 10 ਅਪ੍ਰੈਲ ਤੱਕ ਵੀ ਦੋਸ਼ੀ ਨਹੀਂ ਫੜਿਆ ਜਾਂਦਾ ਤਾਂ ਗਿਆਰਾਂ ਅਪ੍ਰੈਲ ਨੂੰ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ ।ਮੀਟਿੰਗ ਵਿੱਚ ਗੁਲਜ਼ਾਰ ਸਿੰਘ ਬਸੰਤ ਕੋਟ, ਸੁਖਦੇਵ ਸਿੰਘ ਭਾਗੋਕਾਵਾਂ, ਅਮਰ ਕ੍ਰਾਂਤੀ, ਐਸ ਐਮ ਰੰਧਾਵਾ, ਮੱਖਣ ਸਿੰਘ ਕੁਹਾੜ, ਐੱਸ ਪੀ ਸਿੰਘ ਗੋਸਲ, ਡਾ ਜਗਜੀਵਨ ਲਾਲ ਅਤੇ ਅਸ਼ਵਨੀ ਕੁਮਾਰ, ਰਘਬੀਰ ਸਿੰਘ ਚਾਹਲ, ਅਜੀਤ ਸਿੰਘ ਹੁੰਦਲ, ਅਮਰਜੀਤ ਮਨੀ, ਸੁਖਦੇਵ ਰਾਜ ਬਹਿਰਾਮਪੁਰ, ਜਗਜੀਤ ਸਿੰਘ ਅਲੂਣਾ, ਕਪੂਰ ਸਿੰਘ ਘੁੰਮਣ ,ਗੁਰਮੀਤ ਸਿੰਘ ਥਾਣੇਵਾਲ, ਸਟੀਫਨ ਤੇਜਾ, ਬਲਬੀਰ ਸਿੰਘ ਉੱਚਾ ਧਕਾਲਾ ਆਦਿ ਹਾਜ਼ਰ ਸਨ ।