Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਮੁੱਖ ਮੰਤਰੀ ਮਾਨ ਸਾਹਿਬ ਸਮੇਂ ਦੀ ਮੰਗ ਹੈ,ਗੁਰਦਾਸਪੁਰ ਜ਼ਿਲ੍ਹੇ ਦੀ ਕਮਾਨ ਜ਼ਿਲ੍ਹੇ ਦੇ ਕਿਸੇ ਮਜ਼ਬੂਤ ​​ਆਗੂ ਨੂੰ ਸੌਂਪੀ ਜਾਵੇ- ਗੁਰਦਾਸਪੁਰ ਦੀ ਆਵਾਮ

ਮੁੱਖ ਮੰਤਰੀ ਮਾਨ ਸਾਹਿਬ ਸਮੇਂ ਦੀ ਮੰਗ ਹੈ,ਗੁਰਦਾਸਪੁਰ ਜ਼ਿਲ੍ਹੇ ਦੀ ਕਮਾਨ ਜ਼ਿਲ੍ਹੇ ਦੇ ਕਿਸੇ ਮਜ਼ਬੂਤ ​​ਆਗੂ ਨੂੰ ਸੌਂਪੀ ਜਾਵੇ- ਗੁਰਦਾਸਪੁਰ ਦੀ ਆਵਾਮ
  • PublishedApril 5, 2022

ਜ਼ਿਲ੍ਹੇ ਦੀਆਂ ਸੱਤ ਸੀਟਾਂ ‘ਤੇ ਪੰਜ ਦਿੱਗਜ ਕਾਂਗਰਸੀ ਆਗੂ ਕਾਬਜ਼, ਠੋਸ ਆਗੂ ਬਿਨਾਂ ਰਾਹ ਨਹੀਂ ਆਸਾਨ

ਲੋਕਾਂ ਦਾ ਮੰਨਣਾ ਹੈ ਕਿ ਜੇਕਰ ਆਪ ਨੇ ਜ਼ਿਲ੍ਹੇ ਅੰਦਰ ਆਪਣੇ ਪੈਰ ਪਸਾਰਨੇ ਹਨ ਤਾਂ ਜ਼ਿਲ੍ਹੇ ਨੂੰ ਨੁਮਾਇੰਦਗੀ ਦੇਣ ਦੀ ਲੋੜ

ਗੁਰਦਾਸਪੁਰ, 5 ਅਪ੍ਰੈਲ (ਮੰਨਣ ਸੈਣੀ)। ਪਿਛਲੇ ਦਹਾਕਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਕਿਸੇ ਵੀ ਸਮੇਂ ਦੀ ਕੋਈ ਵੀ ਸਰਕਾਰ ਸੱਤਾ ਵਿਚ ਰਹੀ ਹੈ। ਪਰ ਜ਼ਿਲ੍ਹਾ ਗੁਰਦਾਸਪੁਰ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਗਿਆ। ਅਕਾਲੀ ਦਲ-ਭਾਜਪਾ ਗਠਜੋੜ ਹੋਵੇ ਜਾਂ ਕਾਂਗਰਸ ਦੇ ਜ਼ਿਲ੍ਹੇ ਵਿੱਚ ਦੋ-ਤਿੰਨ ਕੈਬਨਿਟ ਮੰਤਰੀ ਬਣੇ ਹਨ। ਜਿਹੜੇ ਕਾਬਲ ਆਗੂ ਨਹੀਂ ਜਿੱਤ ਸਕੇ, ਉਨ੍ਹਾਂ ਨੂੰ ਪਾਰਟੀ ਵਿੱਚ ਸੀਨੀਅਰ ਮੰਤਰੀ ਪਦ ਦੇ ਬਰਾਬਰ ਦੇ ਅਹੁਦੇ ‘ਤੇ ਅਡਜਸਟ ਕਰਕੇ ਗੁਰਦਾਸਪੁਰ ਜ਼ਿਲ੍ਹੇ ਨੂੰ ਅੱਖਾਂ ਪਰੋਖੇ ਨਹੀਂ ਕੀਤਾ ਗਿਆ। ਜ਼ਿਲ੍ਹੇ ਵਿੱਚ ਪਾਰਟੀ ਨੂੰ ਮਜ਼ਬੂਤੀ ਨਾਲ ਕਾਇਮ ਕਰਨ ਲਈ ਸਮੇਂ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਗੁਰਦਾਸਪੁਰ ਤੋਂ ਸ਼ੁਰੂਆਤ ਕਰਕੇ ਇਸ ਜ਼ਿਲ੍ਹੇ ਨੂੰ ਬਹੁਤ ਉੱਚੀ ਨੁਮਾਇੰਦਗੀ ਸੌਂਪੀ। ਜਿਸ ਕਾਰਨ ਉਨ੍ਹਾਂ ਸਰਕਾਰਾਂ ਦਾ ਵੋਟ ਬੈਂਕ ਉਨ੍ਹਾਂ ਦੀ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਰਿਹਾ।

ਪਰ ਹਾਲੇ ਆਮ ਆਦਮੀ ਪਾਰਟੀ ਨਵੀਂ ਹੈ ਅਤੇ ਉਨ੍ਹਾਂ ਦੀ ਪਹਿਲਾ ਵਾਰ ਬਣੀ ਸਰਕਾਰ ਦੌਰਾਨ ਹੁਣ ਤੱਕ ਗੁਰਦਾਸਪੁਰ ਜ਼ਿਲ੍ਹੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਸਾਮਣੇ ਆਇਆ। ਜਿਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦੀਆਂ ਸੱਤ ਸੀਟਾਂ ਵਿੱਚੋਂ ਸਿਰਫ਼ ਦੋ ਹੀ ਆਮ ਆਦਮੀ ਪਾਰਟੀ ਦੇ ਦਿੱਗਜਾਂ ਨੇ ਆਪਣੀ ਪਛਾਣ ਬਣਾਈ ਹੈ ਅਤੇ ਪੰਜ ਸੀਟਾਂ ਉੱਤੇ ਕਾਂਗਰਸ ਦੇ ਪੰਜ ਦਿੱਗਜ ਆਗੂਆਂ ਨੇ ਉਪਰੋਕਤ ਰਣਨੀਤੀ ਨੂੰ ਅਪਣਾਉਂਦੇ ਹੋਏ ‘ਆਪ’ ਦੀ ਇਸ ਹਨੇਰੀ ‘ਚ ਵੀ ਆਪਣੀ ਪਾਰਟੀ ਅਤੇ ਆਪਣੇ ਪੈਰ ਜਮਾਉਣ ‘ਚ ਕਾਮਯਾਬ ਰਹੇ। ਗੁਰਦਾਸਪੁਰ ਜ਼ਿਲੇ ਤੋਂ ਜਿੱਤਣ ਵਾਲੇ ਹੋਰ ਕੋਈ ਨਹੀਂ ਬਲਕਿ ਕਾਂਗਰਸ ਸਰਕਾਰ ਦੌਰਾਨ ਬਣੇ ਤਿੰਨ ਸਾਬਕਾ ਮੰਤਰੀ, ਇੱਕ ਸਾਬਕਾ ਰਾਜ ਸਭਾ ਮੈਂਬਰ ਅਤੇ ਇੱਕ ਵਿਧਾਇਕ ਹੈ। ਸ਼ਾਇਦ ਇਹੀ ਕਾਰਨ ਸੀ ਕਿ ਆਪ ਦੀ ਇਸ ਹਨੇਰੀ ਵਿੱਚ ਵੀ ਆਮ ਆਦਮੀ ਪਾਰਟੀ ਦੇ ਆਗੂ ਇਸ ਜ਼ਿਲ੍ਹੇ ਵਿੱਚ ਆਪਣੀ ਪਾਰਟੀ ਦੀ ਸ਼ਾਨ ਨਹੀਂ ਵਧਾ ਪਾਏ।

ਪਰ ਹੁਣ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਹਾਰੇ ਹੋਏ ਆਗੂ ਉਸ ਨਵੇਂ ਫਕੀਰ ਵਾਂਗ ਪੇਸ਼ ਆ ਰਹੇ ਹਨ, ਜੋ ਸਾਰੇ ਫਕੀਰੀ ਦੇ ਨਿਯਮਾਂ ਨੂੰ ਛਿੱਕੇ ਟੰਗ, ਦੁਪਹਿਰ ਵੇਲੇ ਵੀ ਰੱਜ ਕੇ ਧੂਣਾ ਬਾਲ ਕੇ ਬੈਠ ਜਾਂਦਾ ਅਤੇ ਵੱਡਾ ਫਕੀਰ ਹੋਣ ਦੇ ਦਾਅਵੇ ਕਰਦਾ। ਭਾਵ ਕਿ ਬਹੁਗਿਣਤੀ ਵਿੱਚ ਸਰਕਾਰ ਵਿੱਚ ਆਉਣ ਵਾਲੀ ਸੱਤਾ ਦੇ ਸੁੱਖ ਨੂੰ ਹਜ਼ਮ ਨਾ ਕਰਦੇ ਹੋਏ ਉਹ ਲੋਕਤੰਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਉਹ ਕੰਮ ਕਰ ਰਹੇ ਹਨ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦੇ। ਜਿਸ ਕਾਰਨ ਪ੍ਰਸ਼ਾਸਨ ਦੇ ਨਾਲ-ਨਾਲ ਅਫਸਰਸ਼ਾਹੀ ਨੂੰ ਵੀ ਆਪਣੀ ਨਿੱਜਤਾ ਦੇ ਦਾਇਰੇ ਦੀਆਂ ਹੱਦਾਂ ਪਾਰ ਕਰਨੀਆਂ ਪੈਂਦੀਆਂ ਹਨ ਅਤੇ ਦਬਾਅ ਕਾਰਨ ਉਨ੍ਹਾਂ ਨੂੰ ਨਿਯਮਾਂ-ਕਾਨੂੰਨਾਂ ਦੀ ਅਣਦੇਖੀ ਕਰਕੇ ਆਪਣੀਆਂ ਨੌਕਰੀਆਂ ਬਚਾਉਣ ਲਈ ਸਰਕਾਰੀ ਰਿਕਾਰਡ ਹਾਰੇ ਹੋਏ ਨੁਮਾਇੰਦਿਆਂ ਨਾਲ ਸਾਂਝਾ ਕਰਨਾ ਪੈਂਦਾ ਹੈ। ਜਦੋਂ ਕਿ ਸਰਕਾਰੀ ਰਿਕਾਰਡ ਚੈੱਕ ਕਰਨ ਵਾਲਿਆਂ ਕੋਲ ਨਾ ਤਾਂ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਰਿਕਾਰਡ ਚੈੱਕ ਕਰਨ ਦੇ ਹੁਕਮ ਹਨ ਅਤੇ ਨਾ ਹੀ ਕਾਨੂੰਨ ਅਨੁਸਾਰ ਕੋਈ ਅਧਿਕਾਰ ਹੈ। ਡੀਸੀ ਗੁਰਦਾਸਪੁਰ ਦੇ ਦਫ਼ਤਰ ਵਿੱਚ ਵੀ ਅਜਿਹੀਆਂ ਸ਼ਿਕਾਇਤਾਂ ਦਾ ਗ੍ਰਾਫ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।

ਪਰ ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਬਹੁਮਤ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਆਪਣੇ ਕਿਸੇ ਵੀ ਨੁਮਾਇੰਦੇ ਨੂੰ ਅਧਿਕਾਰਤ ਤੌਰ ’ਤੇ ਜ਼ਿਲ੍ਹੇ ਦੀ ਦੇਖ-ਰੇਖ ਕਰਨ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਦਾ ਜਿੰਮਾ ਕਿਓ ਨਹੀਂ ਸੌਪ ਰਹੀਂ। ਜੋ ਕਿ ਇਸ ਸਮੇਂ ਲੋਕਾਂ ਦੀ ਮੁੱਖ ਮੰਗ ਵਿੱਚ ਵਿਚੋਂ ਇਕ ਹੈ।

ਵੈਸੇ, ਬਟਾਲਾ ਤੋਂ ਸ਼ੈਰੀ ਕਲਸੀ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ ਨੂੰ ਛੱਡ ਕੇ ‘ਆਪ’ ਕੋਲ ਨਾ ਤਾਂ ਕੋਈ ਵਿਧਾਇਕ ਹੈ ਅਤੇ ਨਾ ਹੀ ਉਨ੍ਹਾਂ ਕੋਲ ਜਾ ਕੇ ਸਰਕਾਰੀ ਰਿਕਾਰਡ ਚੈੱਕ ਕਰਨ ਦਾ ਜਮਹੂਰੀ ਹੱਕ ਹੈ। ਜਿਸ ਕਾਰਨ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦਾਸਪੁਰ ਵਿਚ ਸਾਫ-ਸੁਥਰੀ ਸ਼ਖਸੀਅਤ, ਪ੍ਰਤਿਭਾਸ਼ਾਲੀ ਅਤੇ ਤਜ਼ਰਬੇਕਾਰ ਆਗੂ ਨੂੰ ਪੰਜਾਬ ਦੀ ਅਹਿਮ ਭੂਮਿਕਾ ‘ਤੇ ਤਾਇਨਾਤ ਕਰੇ ਜੋਂ ਪੰਜਾਬ, ਗੁਰਦਾਸਪੁਰ ਦੀ ਸੇਵਾ ਕਰਨ ਦੇ ਨਾਲ ਨਾਲ ਆਮ ਆਦਮੀ ਦੇ ਪੈਰ ਜ਼ਿਲੇ ਵਿੱਚ ਪਸਾਰਨ ਵਿੱਚ ਵੀ ਮਦਦ ਕਰੇ। ਜਿਸ ਨਾਲ ਆਮ ਆਦਮੀ ਪਾਰਟੀ ਦਾ ਦਾਇਰਾ ਵਧੇ ਅਤੇ ਆਉਣ ਵਾਲੀਆਂ ਚੋਣਾ ਵਿੱਚ ਆਪ ਦਾ ਪਰਚਮ ਇਸ ਜ਼ਿਲੇ ਵਿੱਚ ਵੀ ਬੁਲੰਦ ਹੋਵੇ। ਇਸ ਨਾਲ ਜਿੱਥੇ ਲੋਕਤੰਤਰ ਦੇ ਬੁਨਿਆਦੀ ਢਾਂਚੇ ਦੀ ਵੀ ਉਲੰਘਣਾ ਹੋਣ ਤੋਂ ਰੁਕੇਗੀ ਅਤੇ ਪਾਰਟੀ ਦਾ ਆਧਾਰ ਵੀ ਵਧੇਗਾ। ਹਾਲਾਂਕਿ ਫਿਲਹਾਲ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਇਸ ਸਬੰਧੀ ਪਾਰਟੀ ਅੱਗੇ ਮੰਗ ਨਹੀਂ ਕਰ ਰਿਹਾ ਅਤੇ ਪਾਰਟੀ ਦੀ ਰਜ਼ਾ ਮੰਦੀ ਅਨੁਸਾਰ ਹੀ ਹਾਮੀਂ ਭਰ ਰਿਹਾ। ਪਰ ਜੇਕਰ ‘ਆਪ’ ਨੂੰ ਇਸ ਜ਼ਿਲ੍ਹੇ ਵਿੱਚੋਂ ਕੋਈ ਵੱਡੀ ਨੁਮਾਇੰਦਗੀ ਨਾ ਦਿੱਤੀ ਗਈ ਤਾਂ ਪਾਰਟੀ ਲਈ ਇਸ ਜ਼ਿਲ੍ਹੇ ਵਿੱਚ ਫੈਲਣਾ ਮਾਊਂਟ ਐਵਰੈਸਟ ਜਿੱਤਣ ਸਮਾਨ ਹੋਵੇਗਾ, ਇਹ ਕਹਿਣਾ ਗਲਤ ਨਹੀਂ ਹੋਵੇਗਾ।

Written By
The Punjab Wire