• ਕੈਂਪ ‘ਚ ਸ਼ਾਮਲ ਹੋਣ ਲਈ ਗੱਤਕੇਬਾਜ 7 ਅਪ੍ਰੈਲ ਤੱਕ ਭੇਜਣ ਅਰਜ਼ੀਆਂ
ਚੰਡੀਗੜ੍ਹ, 5 ਅਪ੍ਰੈਲ। ਜੂਨ ਮਹੀਨੇ ਹੋ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਤੋਂ ਪਹਿਲਾਂ ਰੈਫ਼ਰੀਆਂ ਨੂੰ ਗੱਤਕਾ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ 14 ਅਪ੍ਰੈਲ ਤੋਂ 17 ਅਪ੍ਰੈਲ, 2022 ਤੱਕ ਸੈਣੀ ਭਵਨ, ਸੈਕਟਰ-24 ਚੰਡੀਗੜ੍ਹ ਵਿਖੇ ਮੁਫ਼ਤ ਗੱਤਕਾ ਰੈਫਰੀ-ਕਮ-ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਖੇਡ ਮੰਤਰਾਲੇ ਨੇ 4 ਜੂਨ ਤੋਂ 13 ਜੂਨ, 2022 ਤੱਕ ਪੰਚਕੂਲਾ, ਹਰਿਆਣਾ ਵਿਖੇ ਖੇਲੋ ਇੰਡੀਆ ਰਾਸ਼ਟਰੀ ਯੁਵਕ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਕੌਮੀ ਟੂਰਨਾਮੈਂਟ ਤੋਂ ਪਹਿਲਾਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਇਸਮਾਕ) ਦੇ ਸਹਿਯੋਗ ਨਾਲ ਐਨ.ਜੀ.ਏ.ਆਈ. ਵੱਲੋਂ ਗੱਤਕਾ ਨਿਯਮਾਂ ਦੀ ਸਿਖਲਾਈ ਦੇਣ ਲਈ ਇਸ ਕੈਂਪ ਨੂੰ ਇੱਕ ਛੋਟੀ ਮਿਆਦ ਦੇ ਰਿਫਰੈਸ਼ਰ ਕੋਰਸ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਖੇਲੋ ਇੰਡੀਆ ਟੂਰਨਾਮੈਂਟ ਮੌਕੇ ਗੱਤਕਾ ਮੁਕਾਬਲੇ ਕਰਵਾਉਣ ਲਈ ਚੁਣੇ ਗਏ ਰੈਫਰੀਆਂ ਤੋਂ ਇਲਾਵਾ 20 ਸਾਲ ਤੋਂ ਵੱਧ ਉਮਰ ਦੇ ਅਤੇ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਰੱਖਣ ਵਾਲੇ ਗੱਤਕੇਬਾਜ਼ ਵੀ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਏ.ਆਈ. ਵੱਲੋਂ ਕੈਂਪਰਾਂ ਨੂੰ ਠਹਿਰਣ ਅਤੇ ਲੰਗਰ ਤੋਂ ਇਲਾਵਾ ਟੀ-ਸ਼ਰਟਾਂ ਅਤੇ ਸਰਟੀਫਿਕੇਟ ਮੁਫਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚੁਣੇ ਗਏ ਰੈਫਰੀਆਂ ਨੂੰ ਸਮਾਰਟ ਆਈਡੀ ਕਾਰਡ ਵੀ ਜਾਰੀ ਕੀਤੇ ਜਾਣਗੇ।
ਉਨ੍ਹਾਂ ਨੇ ਯੋਗ ਉਮੀਦਵਾਰਾਂ ਨੂੰ 7 ਅਪ੍ਰੈਲ ਤੱਕ ਇਸ ਨੂੰ ਆਖਰੀ ਮਿਤੀ ਮੰਨਦੇ ਹੋਏ ਮੇਲ ਆਈਡੀ NGAIndia@yahoo.com ‘ਤੇ ਆਪਣੇ ਸਾਰੇ ਵੇਰਵੇ ਭੇਜਣ ਲਈ ਕਿਹਾ ਹੈ। ਇਸ ਤੋਂ ਬਾਅਦ ਕਿਸੇ ਵੀ ਕੀਮਤ ‘ਤੇ ਦਾਖਲਾ ਨਹੀਂ ਦਿੱਤਾ ਜਾਵੇਗਾ। ਗਰੇਵਾਲ ਨੇ ਕਿਹਾ ਕਿ ਇਸ ਕੈਂਪ ਜਾਂ ਸਥਾਨ ਬਾਰੇ ਕੋਈ ਵੀ ਜਾਣਕਾਰੀ/ਮੱਦਦ ਮੋਬਾਈਲ ਨੰਬਰ 79861-04610 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।