ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਰਾਜ ਦੇ ਅਧਿਆਪਕਾਂ ਨੇ ਜਿਸ ਬਦਲਾਵ ਲਈ ਆਪ ਨੂੰ ਵੋਟਾਂ ਪਾਈਆਂ, ਇਹ ਉਹੀ ਬਦਲਾਵ ਹੈ, ਮਾਨ ਸਾਹਿਬ ਆਪਣੇ ਮੰਤਰੀਆਂ ਤੇ ਨਜ਼ਰ ਰਖੋਂ- ਸੁਖਜਿੰਦਰ ਰੰਧਾਵਾ

ਰਾਜ ਦੇ ਅਧਿਆਪਕਾਂ ਨੇ ਜਿਸ ਬਦਲਾਵ ਲਈ ਆਪ ਨੂੰ ਵੋਟਾਂ ਪਾਈਆਂ, ਇਹ ਉਹੀ ਬਦਲਾਵ ਹੈ, ਮਾਨ ਸਾਹਿਬ ਆਪਣੇ ਮੰਤਰੀਆਂ ਤੇ ਨਜ਼ਰ ਰਖੋਂ-  ਸੁਖਜਿੰਦਰ ਰੰਧਾਵਾ
  • PublishedApril 5, 2022

ਗੁਰਦਾਸਪੁਰ 5 ਅਪ੍ਰੈਲ (ਮੰਨਣ ਸੈਣੀ) । ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਲੈ ਕਿ ਸਿੱਖਿਆ ਵਿਭਾਗ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਅਨੁਸ਼ਾਸਨ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੇ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਪੰਜਾਬ ਦੇ ਸਾਬਰਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਇਸ ਰਾਜ ਦੇ ਅਧਿਆਪਕਾਂ ਤੇ ਵੀ ਤੰਜ ਕਸਦੇ ਹੋਏ ਕਿਹਾ ਕਿ ਅਧਿਆਪਕਾਂ ਨੇ ਜਿਸ ਬਦਲਾਵ ਲਈ ਆਪ ਨੂੰ ਵੋਟਾਂ ਪਾਈਆਂ ਹਨ, ਇਹ ਉਹੀ ਬਦਲਾਵ ਹੈ। ਅਜਿਹੀ ਹੰਕਾਰੀ ਸਰਕਾਰ ਨੂੰ ਵੋਟ ਦੇਣ ਲਈ ਮੈਨੂੰ ਇਸ ਸੂਬੇ ਦੇ ਲੋਕਾਂ ‘ਤੇ ਅਫ਼ਸੋਸ ਹੈ। ਇਸ ਸੰਬੰਧੀ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਟੈਗ ਕਰ ਕਿਹਾ ਕਿ ਉਹ ਆਪਣੇ ਮੰਤਰੀਆਂ ‘ਤੇ ਨਜ਼ਰ ਰੱਖੋ। ਇਸੇ ਤਰਾਂ ਕਾਂਗਰਸੀ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਸਮੇਤ ਹੋਰ ਕਾਂਗਰਸੀ ਅਤੇ ਅਕਾਲੀ ਆਗੂਆ ਨੇ ਵੀ ਇਸ ਤੇ ਸਵਾਲ ਚੁੱਕੇ ਹਨ।

ਜਿਕਰਯੋਗ ਹੈ ਕਿ ਬੀਤੇ ਕੱਲ੍ਹ ਤੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਡੈਪੂਟੇਸ਼ਨ ਉਤੇ ਚੱਲ ਰਹੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਕਾਫੀ ਦੂਰੀ ਉਤੇ ਡੈਪੂਟੇਸ਼ਨਾਂ ਉਤੇ ਡਿਊਟੀਆਂ ਦੇ ਰਹੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਪਿਛਲੀ ਸਰਕਾਰ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਉਨ੍ਹਾਂ ਨੂੰ ਮਸਲੇ ਹੱਲ ਆਉਣ ਦੀ ਉਮੀਦ ਸੀ, ਪ੍ਰੰਤੂ ਅਜੇ ਵੀ ਅਫਸਰਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧਰਨੇ ਵਿੱਚ ਪਹੁੰਚਕੇ ਅਧਿਆਪਕਾਂ ਦੀ ਗੱਲ ਸੁਣੀ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਪਿਛਲੀ ਸਰਕਾਰ ਸਮੇਂ ਜੋ ਕੁਝ ਹੋਇਆ ਉਸ ਦਾ ਮੈਨੂੰ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਆਪਕ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਚਨਚੇਤ ਛੁੱਟੀ ਲੈ ਕੇ ਧਰਨਾ ਦਿੱਤਾ ਸੀ ਪਰ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਦੇ ਆਦੇਸ਼ ਦੇ ਦਿੱਤੇ ਗਏ। ਜਿਸ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਸਖ਼ਤ ਨਿਖੇਧੀ ਕੀਤੀ ਹੈ

ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਬਦਲੀ ਨੀਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਜ਼ਾਰਾਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ, ਨੀਤੀ ਤੋਂ ਉਲਟ ਜਾ ਕੇ ਪਿਛਲੇ ਡੇਢ ਸਾਲ ਤੋਂ ਵੱਖ ਵੱਖ ਕਾਰਨਾਂ ਤਹਿਤ ਲਾਗੂ ਨਹੀਂ ਕੀਤਾ ਗਿਆ ਹੈ। ਸਗੋ ਅੰਤਰ ਜ਼ਿਲ੍ਹਾ ਬਦਲੀਆਂ ਕਰਵਾਉਣ ਵਾਲੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਬਦਲੀ ਉਪਰੰਤ ਨਵੇਂ ਸਟੇਸ਼ਨ ‘ਤੇ ਹਾਜ਼ਰ ਕਰਵਾ ਕੇ, ਮੁੜ ਤੋਂ ਸੈਂਕੜੇ ਕਿਲੋਮੀਟਰ ਦੂਰ ਪੁਰਾਣੇ ਸਟੇਸ਼ਨਾਂ ਉੱਪਰ ਡੈਪੂਟੇਸ਼ਨ ਲਗਾ ਦਿੱਤੀ ਗਈ। ਲੋਕ ਪੱਖੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਤੋਂ ਆਪਣਾ ਮਸਲਾ ਹੱਲ ਕਰਵਾਉਣ ਦੀ ਆਸ ਨਾਲ, ਮੰਤਰੀ ਦੇ ਦਰ ‘ਤੇ ਪਹੁੰਚੇ ਅਧਿਆਪਕਾਂ ਨਾਲ ਕੀਤੇ, ਅਜਿਹੇ ਗ਼ੈਰ ਜਮਹੂਰੀ ਅਤੇ ਧੱਕੜ ਰਵੱਈਏ ਨੂੰ ਪੰਜਾਬ ਦੀ ਇਨਸਾਫ਼ ਪਸੰਦ ਅਤੇ ਜੁਝਾਰੂ ਅਧਿਆਪਕ ਲਹਿਰ, ਕਿਸੇ ਕੀਮਤ ਸਹਿਣ ਨਹੀਂ ਕਰੇਗੀ।

ਡੀ ਟੀ ਐਫ ਨੇ ਸਿੱਖਿਆ ਮੰਤਰੀ ਤੋਂ ਇਸ ਧਮਕਾਊ ਨੋਟਿਸ ਨੂੰ ਫੌਰੀ ਵਾਪਸ ਲੈਣ ਅਤੇ ਅਧਿਆਪਕਾਂ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀਆਂ, ਸਿੱਖਿਆ ਮੰਤਰੀ ਖਿਲਾਫ਼ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।

Written By
The Punjab Wire