ਗੁਰਦਾਸਪੁਰ, 2 ਅਪ੍ਰੈਲ (ਮੰਨਣ ਸੈਣੀ)। ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਨੰਗਲ ਵਿੱਚ ਦੋ ਬੱਚਿਆਂ ਦੇ ਪਿਤਾ ਨੇ ਆਪਣੀ ਹੀ ਦੁਕਾਨ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੀ ਵੀਡੀਓ ਵੀ ਸਾਹਮਣੇ ਆਏ ਹੈ । ਇਸ ਦੇ ਨਾਲ ਹੀ ਪੁਲਿਸ ਨੂੰ ਇਸ ਸਬੰਧੀ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲਿਸ ਨੇ ਇਕ ਵਿਅਕਤੀ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਪ੍ਰਭਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ।
ਥਾਣਾ ਤਿੱਬੜ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰਭਬੀਰ ਸਿੰਘ ਦੀ ਪਤਨੀ ਰਾਜਵੰਤ ਕੌਰ ਦੇ ਬਿਆਨਾਂ ‘ਤੇ ਸ਼ਿਵ ਅਗਰਵਾਲ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਉਸ ਨੇ ਦੱਸਿਆ ਕਿ ਸੁਸਾਈਡ ਨੋਟ ਅਨੁਸਾਰ ਪ੍ਰਭਵੀਰ ਸਿੰਘ ਨੇ ਧਾਰੀਵਾਲ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਸ਼ਿਵ ਅਗਰਵਾਲ ਤੋਂ ਕਮੇਟੀਆਂ ਦੇ 22 ਲੱਖ 30 ਹਜ਼ਾਰ ਰੁਪਏ ਲੈਣੇ ਸਨ। ਜਿਸ ਵਿੱਚੋਂ 4 ਲੱਖ 30 ਹਜ਼ਾਰ ਰੁਪਏ ਪ੍ਰਭਬੀਰ ਸਿੰਘ ਨੂੰ ਵਾਪਸ ਕਰ ਦਿੱਤੇ ਗਏ। ਪਰ ਸ਼ਿਵ ਅਗਰਵਾਲ 18 ਲੱਖ ਰੁਪਏ ਦੀ ਬਾਕੀ ਰਕਮ ਨਹੀਂ ਦੇ ਰਿਹਾ ਸੀ। ਇਸ ਲੈਣ-ਦੇਣ ਨੂੰ ਲੈ ਕੇ ਸ਼ਿਵ ਅਗਰਵਾਲ ਪ੍ਰਭਬੀਰ ਸਿੰਘ ਨੂੰ ਧਮਕੀਆਂ ਵੀ ਦਿੰਦਾ ਸੀ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਬੀਤੇ ਦਿਨ ਆਪਣੀ ਦੁਕਾਨ ਵਿੱਚ ਖੁਦਕੁਸ਼ੀ ਕਰ ਲਈ।