‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 75ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ
ਗੁਰਦਾਸਪੁਰ, 29 ਮਾਰਚ (ਮੰਨਣ ਸੈਣੀ)। ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੀ ਡਾਇਮੰਡ ਜੁਬਲੀ ਜੋਕਿ 75ਵੇਂਂ ਐਡੀਸ਼ਨ ਸੀ ਨੇਪੜੇ ਚੜੀਆਂ ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਬਟਾਲਾ ਦੇ ਨੌਜਵਾਨ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ (ਸੈਰੀ ਕਲਸੀ) ਵਲੋਂ ਸ਼ਿਰਕਤ ਕੀਤੀ ਗਈ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਜਰੀਏ ਯੂਥ ਵਰਗ ਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲ੍ਹਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਜੂਮ ਮੀਟਿੰਗ ਜਰੀਏ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸੈਰੀ ਕਲਸੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ਼ੁਰੂ ਕੀਤਾ ਗਿਆ ‘ਅਚੀਵਰਜ਼ ਪ੍ਰੋਗਰਾਮ’ ਨੋਜਵਾਨ ਪੀੜ੍ਹੀ ਲਈ ਬਹੁਤ ਸਫਲ ਸਿੱਧ ਹੋ ਰਿਹਾ ਹੈ ਤੇ ਅਚੀਵਰਜ਼ ਵਲੋਂ ਕੀਤੀਆਂ ਪ੍ਰਾਪਤੀਆਂ ਤੋਂ ਯੂਥ ਵਰਗ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਅੱਗੇ ਵਧੋ ਅਤੇ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਦਾ ਇਹ ਉਪਰਾਲਾ ਜਬਰਦਸਤ ਤੇ ਬੱਚਿਆਂ ਵਿਚ ਉਤਸ਼ਾਹ ਪੈਦਾ ਕਰਨ ਵਾਲਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਮੁੱਖ ਮਹਿਮਾਨ ਵਿਧਾਇਕ ਸੈਰੀ ਕਲਸੀ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਹੈ ਕਿ ਸਰਹੱਦੀ ਜ਼ਿਲਾ ਹੋਣ ਦੇ ਬਾਵਜੂਦ ਗੁਰਦਾਸਪੁਰ ਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ, ਜੋ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਵਲੋਂ ਮੈਂਟਰਸ਼ਿਪ ਪ੍ਰੋਗਰਾਮ ਜ਼ਰੀਏ, ਘਰ ਬੈਠੇ ਹੀ ਵਿਦਿਆਰਥੀਆਂ/ਨੋਜਵਾਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾਵੇਗਾ, ਇਸ ਪ੍ਰੋਗਰਾਮ ਸਬੰਧੀ ਉਨਾਂ ਸਬੰਧਤ ਅਧਿਕਾਰੀਆਂ ਨੂੰ ਮੈਂਟਰਸ਼ਿਪ ਪ੍ਰੋਗਰਾਮ ਜਲਦ ਸ਼ੁਰੂ ਕਰਨ ਲਈ ਕਿਹਾ। ਉਨਾਂ ਕਿਹਾ ਕਿ ਅਚੀਵਰਜ਼ ਦੀਆਂ ਲਿਸਟਾਂ ਬਣਾ ਕੇ ਜਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਜਿਸ ਵੀ ਖੇਤਰ ਵਿਚ ਅਗਵਾਈ ਲੈਣਾ ਚਾਹੁੰਦੇ ਹਨ, ਉਸ ਅਚੀਵਰਜ਼ ਨਾਲ ਜੁੜ ਸਕਣ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜਿਲਾ ਪ੍ਰਸ਼ਾਸਨ ਵਲੋਂ ਨੋਜਵਾਨ ਲੜਕੇ-ਲੜਕੀਆਂ ਨੂੰ ਕੰਪਿਊਟਰ ਤਕਨਾਲੋਜੀ ਨਾਲ ਜੋੜਣ ਅਤੇ ਸਕਿਲ ਬਿਲਡਿੰਗ ਲਈ ਵਿਸ਼ੇਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਇਸ ਮੌਕੇ ਪਹਿਲੇ ਅਚੀਵਰਜ਼ ਅਜੈਪਾਲ ਸਿੰਘ ਜੋ ਪਿੰਡ ਆਲੇਚੱਕ ਗੁਰਦਾਸਪੁਰ ਦੇ ਵਾਸੀ ਹਨ ਨੇ ਦੱਸਿਆ ਕਿ ਉਨਾਂ ਪੰਜਾਬ ਇੰਜੀਨਰਿੰਗ ਕਾਲਜ ਚੰਡੀਗੜ੍ਹ ਤੋਂ ਬੀ.ਟੈੱਕ (ਮਕੈਨੀਕਲ) ਦੀ ਡਿਗਰੀ ਹਾਸਲ ਕੀਤੀ। ਉਨਾਂ ਦੱਸਿਆ ਕਿ ਉਨਾਂ ਬਹੁਤ ਮੁਸ਼ਕਿਲ ਹਲਾਤਾਂ ਵਿਚ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਆਪਣੇ ਪਰਿਵਾਰ ਤੇ ਸਨੇਹੀਆਂ ਦੀ ਮਦਦ ਨਾਲ ਅਤੇ ਆਪਣੇ ਦ੍ਰਿੜ ਇਰਾਦੇ ਨਾਲ ਜ਼ਿੰਦਗੀ ਵਿਚ ਅੱਗੇ ਵਧੇ। ਉਨਾਂ ਆਪਣੇ ਕਠਨ ਦੌਰ ਦੀ ਵਿਸਥਾਰ ਵਿਚ ਗੱਲ ਕਰਦਿਆਂ ਦੱਸਿਆ ਕਿ ਸਾਨੂੰ ਸੁਪਨੇ ਵੱਡੇ ਵੇਖਣੇ ਚਾਹੀਦੇ ਹਨ ਅਤੇ ਲਗਨ, ਮਿਹਨਤ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਆਪਣੀ ਮੰਜਿਲ ਵੱਲ ਅੱਗੇ ਵੱਧਣਾ ਚਾਹੀਦਾ ਹੈ। ਅਜੈਪਾਲ ਸਿੰਘ ਮੋਜੂਦਾ ਕਰਾਈਮ ਬਰਾਂਚ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਦੂਸਰੇ ਅਚੀਵਰ ਸ਼ਾਕਸੀ, ਜੋ ਪਿੰਡ ਕਲੀਚਪੁਰ ਦੀ ਰਹਿਣਵਾਲੀ ਨੇ ਦੱਸਿਆ ਕਿ ਉਸਨੇ 12ਵੀਂ ਜਮਾਤ ਵਿਚੋਂ 91 ਫੀਸਦ ਅੰਕਾਂ ਨਾਲ ਪਾਸ ਕੀਤੀ ਤੇ ਹੁਣ ਬੀ.ਸੀ.ਏ ਦੀ ਸਟੱਡੀ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਨੂੰ ਉਚੇਰੀ ਸਿੱਖਿਆ ਦਿਵਾਉਣ ਵਿਚ ਉਸਦੀ ਵੱਡੀ ਭੈਣ ਅਤੇ ਅਧਿਆਪਕਾਂ ਦਾ ਬਹੁਤ ਸਾਥ ਰਿਹਾ ਹੈ। ਉਸਨੇ ਕਿਹਾ ਕਿ ਜੇਕਰ ਅਸੀਂ ਕੋਸ਼ਿਸ ਕਰਈਏ ਤਾਂ ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਮੌਕੇ ਵਿਧਾਇਕ ਸੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅਚੀਵਰਜ਼ ਨੂੰ ਭਵਿੱਖ ਵਿਤ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸਮਾਗਮ ਦੇ ਆਖਰ ਵਿਚ ਜੂਮ ਮੀਟਿੰਗ ਰਾਹੀਂ ਪ੍ਰੋਗਰਾਮ ਵਿਚ ਜੁੜੇ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਦਿੱਤਾ ਗਿਆ। ਦੱਸਣਯੋਗ ਹੈ ਕਿ ਅਚੀਵਰਜ ਪ੍ਰੋਗਰਾਮ ਹੁਣ ਹਰ ਸੋਮਵਾਰ ਸ਼ਾਮ 6 ਵਜੇ ਤੋਂ 7 ਵਜੇ ਤਕ ਜੂਮ ਮੀਟਿੰਗ ਜਰੀਏ ਕੀਤਾ ਜਾਂਦਾ ਹੈ।