ਬਟਾਲਾ, 26 ਮਾਰਚ ( ਮੰਨਣ ਸੈਣੀ ) । ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਬਟਾਲਾ ਦੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਸ਼ਹਿਰ ਦੇ ਚੰਦਰ ਨਗਰ ਅਤੇ ਗਾਂਧੀ ਕੈਂਪ ਵਿੱਚ ਦੋ ਮੁਹੱਲਾ ਕਲੀਨਿਕ ਬਣਾਉਣ ਲਈ ਸਿਹਤ ਵਿਭਾਗ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਨਵੀਆਂ ਬਣਨ ਵਾਲੀਆਂ ਮੁਹੱਲਾ ਕਲੀਨਿਕ ਦੀ ਸਾਈਟ ਦਾ ਜਾਇਜਾ ਲੈਣ ਲਈ ਵਿਧਾਇਕ ਸ਼ੈਰੀ ਕਲਸੀ ਅਤੇ ਸਿਵਲ ਸਰਜਨ ਡਾ. ਵਿਜੇ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਹਨ ਅਤੇ ਇਨ੍ਹਾਂ ਦੋਵਾਂ ਖੇਤਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਬੜੀ ਜਲਦੀ ਦੋ ਮੁਹੱਲਾ ਕਲੀਨਿਕ ਬਣ ਕੇ ਤਿਆਰ ਹੋ ਜਾਣਗੇ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰ ਹਸਪਤਾਲ ਨਾ ਜਾਣਾ ਪਵੇ ਬਲਕਿ ਉਹ ਆਪਣਾ ਇਲਾਜ ਆਪਣੇ ਮੁਹੱਲੇ ਵਿਚਲੇ ਕਲੀਨਿਕ ਤੋਂ ਹੀ ਕਰਾ ਸਕਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੁਹੱਲਾ ਕਲੀਨਿਕ ਪ੍ਰੋਜੈਕਟ ਬੜੀ ਸਫਲਤਾ ਨਾਲ ਚੱਲ ਰਿਹਾ ਹੈ ਅਤੇ ਉਸਨੂੰ ਪੰਜਾਬ ਵਿੱਚ ਵੀ ਪੂਰੀ ਕਾਮਯਾਬੀ ਨਾਲ ਚਲਾਇਆ ਜਾਵੇਗਾ।