ਡਿਪਟੀ ਕਮਿਸ਼ਨਰ ਵਲੋ ਅਧਿਕਾਰੀਆ ਨੂੰ ਲੋਕ ਹਿੱਤ ਲਈ ਇਕ ਟੀਮ ਵਜੋ ਕੰਮ ਕਰਨ ਦੀ ਅਪੀਲ
ਗੁਰਦਾਸਪੁਰ, 23 ਮਾਰਚ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਹਰ ਇਕ ਵਿਭਾਗ ਵੱਲੋਂ ਲੋਕ ਹਿੱਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਰੈਵੀਨਿਊ ਵਿਭਾਗ ਦਾ ਆਮ ਲੋਕਾਂ ਨਾਲ ਬਹੁਤ ਜਿਆਦਾ ਰਾਬਤਾ ਹੁੰਦਾ ਹੈ, ਇਸ ਵਿਭਾਗ ਦੀਆਂ ਸੁਚਾਰੂ ਸੇਵਾਵਾਂ ਵੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਬੀਤੇ ਕੱਲ੍ਹ ਜ਼ਿਲਾ ਵਾਸੀਆਂ ਨੂੰ ਹੋਰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਹਿਲ ਦੇ ਅਧਾਰ ‘ਤੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ।
ਹੁਕਮਾਂ ਵਿਚ ਕਿਹਾ ਗਿਆ ਸੀ ਕਿ ਰੈਵੀਨਿਊ ਦਫਤਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣ, ਤਾਂ ਜੋ ਜਿਹੜੇ ਵਿਅਕਤੀ ਰਜਿਸਟਰੀ ਕਰਵਾਉਣ ਆਊਦੇਂ ਹਨ, ਉਨ੍ਹਾਂ ਕੋਲੋ ਫੀਡਬੈਕ ਲਈ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿਉਂਕਿ ਪਹਿਲਾਂ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਦੇ ਬਾਹਰ ਅਤੇ ਵੇਟਿੰਗ ਰੂੁਮ ਜਿਥੇ ਪਬਲਿਕ ਆਪਣੀ ਮੁਸ਼ਕਿਲਾਂ ਦੇ ਸਬੰਧ ਵਿੱਚ ਮਿਲਣ ਲਈ ਆਉਦੀ ਹੈ, ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਤਾਂ ਜੋ ਪਬਲਿਕ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਸਕਣ ਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਸਬੰਧੀ ਪਬਲਿਕ ਨੂੰ ਬਹੁਤ ਲਾਭ ਮਿਲਿਆ ਹੈ।
ਪਰ ਇਸ ਸਬੰਧੀ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਇਸ ਹੁਕਮ ‘ਤੇ ਇਤਰਾਜ ਉਠਾਇਆ ਗਿਆ ਤੇ ਉਨ੍ਹਾਂ ਵਲੇ ਨੋਟਿਸ ਦਿੱਤਾ ਗਿਆ ਕਿ ਜੇਕਰ ਉਪਰੋਕਤ ਹੁਕਮ ਵਾਪਸ ਨਾ ਕੀਤੇ ਗਏ ਤਾਂ ਉਹ ਕੱਲ 24 ਮਾਰਚ ਤੋਂ ਕੰਮ ਬੰਦ ਕਰ ਦੇਣਗੇ।
ਇਸ ਲਈ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਦੀ ਭਾਵਨਾ ਦੀ ਕਦਰ ਕਰਦੇ ਹੋਏ ਅਤੇ ਈ ਗਿਰਦਾਵਰੀ ਦੇ ਚੱਲ ਰਹੇ ਕੰਮ ਨੂੰ ਮੁੱਖ ਰੱਖਦੇ ਹੋਏ ਹੁਕਮ ਵਾਪਸ ਲਏ ਗਏ ਹਨ। ਕਿਉਂਕਿ ਈ ਗਿਰਦਾਵਰੀ ਜੋ ਸਿੱਧਾ ਕਿਸਾਨਾਂ ਦੀ ਫਸਲ ਦੀ ਅਦਾਇਗੀ ਨਾਲ ਸਬੰਧਤ ਹੈ, ਉਸ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਅਾਵੇ ਇਹ ਹੁਕਮ ਵਾਪਸ ਲਏ ਗਏ ਹਨ।
ਪਰ ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਹਰੇਕ ਅਧਿਕਾਰੀ ਕੋਲੋ ਨਿਯਮਾਂ ਤਹਿਤ ਹੀ ਕੰਮ ਲਿਆ ਜਾਦਾ ਹੈ ਪਰ ਫਿਰ ਵੀ ਕਿਸੇ ਅਧਿਕਾਰੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ ।
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਦੇ ਰਿਕਾਰਡ ਅਨੁਸਾਰ ਰੈਵੀਨਿਊ ਵਿਭਾਗ ਦੀ ਕੋਈ ਵੀ ਗੱਡੀ ਡੀਸੀ ਦਫਤਰ ਵੱਲੋਂ ਨਹੀਂ ਵਰਤੀ ਜਾ ਰਹੀ। ਨਾਲ ਹੀ ਉਨਾਂ ਕਿਹਾ ਕਿ ਜੇਕਰ ਕਿਸੇ ਰੈਵੀਨਿਊ ਅਫਸਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਈ ਖਰਚਾ ਕੀਤਾ ਗਿਆ ਹੈ ਤਾਂ ਉਹ ਸਬੰਧਿਤ ਰਿਟਰਨਿੰਗ ਅਫਸਰ ਨਾਲ ਸੰਪਰਕ ਕਰਕੇ ਆਪਣਾ ਖਰਚਾ ਪ੍ਰਾਪਤ ਕਰ ਸਕਦੇ ਹਨ। ਕਿਉਂਕਿ ਵਿਧਾਨ ਸਭਾ ਚੋਣ ਲਈ ਕੀਤੇ ਜਾਣ ਵਾਲੇ ਖਰਚ ਦੇ ਫੰਡ ਸਬੰਧ ਰਿਟਰਨਿੰਗ ਅਫਸਰ ਨੂੰ ਮੁਹੱਇਆ ਕਰਵਾਏ ਦਾ ਚੁੱਕੇ ਹਨ। ਪਰ ਫਿਰ ਵੀ ਜੇਕਰ ਕਿਸੇ ਰੈਵੀਨਿਊ ਅਫਸਰ ਦੀ ਅਦਾਇਗੀ ਪੈਡਿੰਗ ਹੈ ਤਾਂ ਉਹ ਮੇਰੇ ਨਾਲ (ਡਿਪਟੀ ਕਮਿਸ਼ਨਰ) ਨਾਲ ਰਾਬਤਾ ਕਰ ਸਕਦੇ ਹਨ।
ਉਨਾਂ ਦੁਹਰਾਇਆ ਕਿ ਹਰੇਕ ਅਫਸਰ ਕੋਲੋਂ ਨਿਯਮਾਂ ਤਹਿਤ ਕੰਮ ਲਿਆ ਜਾ ਰਿਹਾ ਹੈ ਤੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਜਿਲੇ ਅੰਦਰ ਇਕ ਟੀਮ ਵਜੋਂ ਲੋਕ ਹਿੱਤ ਲਈ ਕੰਮ ਕਰਨ ਦੀ ਅਪੀਲ ਕੀਤੀ।