ਗੁਰਦਾਸਪੁਰ, 23 ਮਾਰਚ (ਮੰਨਣ ਸੈਣੀ)। ਜ਼ਮੀਨਾਂ ਦੇ ਕਬਜ਼ੇ ਨੂੰ ਲੈ ਕੇ ਗੁਰਦਾਸਪੁਰ ਦੇ ਕਿਸਾਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਬੁਧਵਾਰ ਨੂੰ ਆਹਮੋ-ਸਾਹਮਣੇ ਆ ਗਿਆ। ਜਿਸ ਕਾਰਨ ਸਥਿਤੀ ਤਣਾਅਪੂਰਨ ਬਣੀ ਰਹੀ। ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਜਗਤਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਇਕੱਠੇ ਹੋਏ। ਉਕਤ ਕਿਸਾਨ ਕਥਿਤ ਤੌਰ ‘ਤੇ ਕੁਝ ਜ਼ਮੀਨਾਂ ‘ਤੇ ਆਪਣੇ ਟਰੈਕਟਰਾਂ ਨਾਲ ਵਾਹੀ ਕਰ ਰਹੇ ਸਨ। ਇਸ ਦਾ ਪਤਾ ਲੱਗਦਿਆਂ ਹੀ ਥਾਣਾ ਮੁਕੇਰੀਆਂ ਦੀ ਪੁਲੀਸ ਪਾਰਟੀ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਕਿਸਾਨਾਂ ਵੱਲੋਂ ਜ਼ਮੀਨ ਵਾਹੁਣ ਦੇ ਨਾਲ-ਨਾਲ ਜੰਗਲ ਦੇ ਵੱਡੇ ਖੇਤਰ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਪੁਲੀਸ ਨੇ ਕੁਝ ਟਰੈਕਟਰਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬੀਬੀ ਦਵਿੰਦਰ ਕੌਰ ਤੇ ਸਾਥੀਆਂ ਦੀ ਪੁਲੀਸ ਨਾਲ ਹੱਥੋਪਾਈ ਹੋ ਗਈ।
ਕਿਸਾਨ ਨਿਰਮਲ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਹਿਤਾਬਪੁਰ ਅਤੇ ਜਗਤਪੁਰ ਅਤੇ ਦਰਿਆ ਬਿਆਸ ਦੇ ਨਾਲ ਲੱਗਦੇ 6 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਦੇਸ਼ ਦੀ ਵੰਡ ਤੋਂ ਬਾਅਦ ਤੋਂ ਹੀ ਕਾਬਜ਼ ਸੀ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸਾਲ 2018 ਵਿੱਚ ਪੰਜਾਬ ਸਰਕਾਰ ਦੇ ਤਤਕਾਲੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਸ ਜ਼ਮੀਨ ’ਤੇ ਬੂਟੇ ਲਾਏ ਸਨ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ’ਤੇ 30 ਤੋਂ ਵੱਧ ਪਰਿਵਾਰਾਂ ਦਾ ਕਬਜ਼ਾ ਹੈ। ਇਨ੍ਹਾਂ ਪਰਿਵਾਰਾਂ ਕੋਲ ਦੋ ਤੋਂ ਪੰਜ ਏਕੜ ਜ਼ਮੀਨ ਸੀ, ਜੋ ਸਰਕਾਰ ਨੇ ਖੋਹ ਲਈ ਹੈ। ਜਿਸ ਕਾਰਨ ਉਕਤ ਪਰਿਵਾਰ ਭੁੱਖਮਰੀ ਦੇ ਕੰਢੇ ਪਹੁੰਚ ਗਿਆ ਹੈ। ਉਹਨਾਂ ਦੱਸਿਆ ਕਿ ਕਾਂਗਰਸੀ ਆਗੂਆ ਨੇ ਆਪਣੇ ਸਰਕਾਰ ਦੀ ਹੋਂਦ ਵਿੱਚ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਤੇ ਪਰਚੇ ਕਰ ਉਹਨਾਂ ਦੀ ਜਮੀਨ ਤੱਕ ਆਪਣੇ ਕਬਜੇ ਕਰ ਲਏ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਜਿਉਣ ਮਰਣ ਦਾ ਸਵਾਲ ਹੈ ਕਿਉਕਿਂ ਉਹਨਾਂ ਨਾਲ ਪਿਛਲੀ ਸਰਕਾਰ ਨੇ ਪਹਿਲਾਂ ਹੀ ਕਾਫ਼ੀ ਧੱਕੇ ਕੀਤੇ ਹਨ ਅਤੇ ਹੁਣ ਆਪ ਦੇ ਮੁੱਖ ਮੰਤਰੀ ਕੋਲੋ ਉਹਨਾਂ ਨੂੰ ਉਮੀਦ ਦੀ ਕਿਰਣ ਦਿਖ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਪੈਲੀ ਕਾਂਗਰਸ ਦੇ ਇੱਕ ਮੰਤਰੀ ਅਤੇ ਵਿਧਾਇਕ ਵੱਲੋਂ ਵੀ ਜਬਰਨ ਕਬਜਾ ਕਰਨ ਦੀ ਕੌਸ਼ਿਸ ਕੀਤੀ ਗਈ ਸੀ। ਪਰ ਉਸ ਵਕਤ ਉਹਨਾਂ ਦੀ ਪੇਸ਼ ਨਹੀਂ ਚੱਲੀ।
ਇਸ ਸਬੰਧੀ ਜਦੋਂ ਪੁਲੀਸ ਅਧਿਕਾਰੀ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਲ 2018 ਤੋਂ ਜੰਗਲਾਤ ਵਿਭਾਗ ਵੱਲੋਂ ਕਰੀਬ 200 ਏਕੜ ਜ਼ਮੀਨ ’ਤੇ ਬੂਟੇ ਲਗਾਏ ਗਏ ਹਨ। ਪਰ ਹੁਣ ਕੁਝ ਲੋਕ ਇਨ੍ਹਾਂ ਬੂਟਿਆਂ ਨੂੰ ਪੁੱਟ ਕੇ ਜ਼ਮੀਨ ‘ਤੇ ਕਬਜ਼ਾ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਪੌਦਿਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।