ਗੁਰਦਾਸਪੁਰ, 17 ਮਾਰਚ (ਮੰਨਣ ਸੈਣੀ)। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀਰਵਾਰ ਨੂੰ ਅਚਾਨਕ ਸੀਐਚਸੀ ਸਿੰਘੋਵਾਲ ਦਾ ਨਿਰੀਖਣ ਕਰਨ ਪੁੱਜੇ। ਸਵੇਰੇ 9 ਵਜੇ ਦੇ ਕਰੀਬ ਸੀ.ਐਚ.ਸੀ ਸਿੰਘੋਵਾਲ ਪਹੁੰਚੇ ਸ਼ਮਸ਼ੇਰ ਸਿੰਘ ਨੇ ਕਰੀਬ ਡੇਢ ਘੰਟਾ ਉੱਥੇ ਰੁਕ ਕੇ ਹਸਪਤਾਲ ਦੇ ਵੱਖ-ਵੱਖ ਵਾਰਡਾਂ, ਆਪਰੇਸ਼ਨ ਥੀਏਟਰ ਅਤੇ ਹਸਪਤਾਲ ਦੇ ਅੰਦਰ ਦੀਆਂ ਹੋਰ ਥਾਵਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਉੱਥੇ ਤਾਇਨਾਤ ਸਟਾਫ਼ ਨੂੰ ਹਦਾਇਤ ਕੀਤੀ। ਹਸਪਤਾਲ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੀ.ਐਮ.ਓ ਗੁਰਦਾਸਪੁਰ ਡਾ.ਵਿਜੇ ਕੁਮਾਰ ਵੀ ਮੌਕੇ ‘ਤੇ ਮੌਜੂਦ ਸਨ, ਜੋ ਕਿ ਪਹਿਲਾਂ ਹੀ ਸੀ.ਐਸ.ਸੀ ਸਿੰਘੋਵਾਲ ਦਾ ਮੁਆਇਨਾ ਕਰਨ ਲਈ ਪੁੱਜੇ ਹੋਏ ਸਨ।
ਸ਼ਮਸ਼ੇਰ ਸਿੰਘ ਨੇ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਸਮੇਤ ਕੁਝ ਹੋਰ ਵੀ ਘਾਟ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਲਦੀ ਹੀ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਤੱਕ ਚੰਗੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਅਤੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਵੀ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਹੈ। ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।