ਗੁਰਦਾਸਪੁਰ, 9 ਮਾਰਚ । ਕਸਬਾ ਕਾਦੀਆਂ ਵਿੱਚ ਫੀਸ ਨਾ ਭਰਨ ਕਾਰਨ ਪ੍ਰੈਕਟੀਕਲ ਇਮਤਿਹਾਨ ਵਿੱਚੋਂ ਕੱਢੇ ਗਏ ਗੁਰੂ ਨਾਨਕ ਦੇਵ ਕਾਲਜ ਦੇ ਜੀਐਨਐਮ ਦੇ ਵਿਦਿਆਰਥੀਆਂ ਨੇ ਬਾਅਦ ਦੁਪਹਿਰ ਕਾਲਜ ਦੇ ਬਾਹਰ ਹਰਚੋਵਾਲ-ਕਾਦੀਆਂ ਰੋਡ ’ਤੇ ਜਾਮ ਲਾ ਕੇ ਕਾਲਜ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਨਾਅਰੇਬਾਜ਼ੀ ਕਰਦਿਆਂ ਸਿਮਰਪ੍ਰੀਤ ਕੌਰ, ਕਾਜਲ, ਸੁਮਨ, ਰਣਜੀਤ ਕੌਰ, ਜੋਬਨ, ਦਿਲਜੀਤ, ਰਜਨੀ, ਨਵਪ੍ਰੀਤ, ਸਾਕਸ਼ੀ, ਜੋਬਨ, ਰੂਬੀ, ਸੋਨੀਆ, ਮਹਿਕ, ਸ਼ਾਲੂ ਅਤੇ ਹੋਰ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਫੀਸਾਂ ਜਮ੍ਹਾਂ ਕਰਵਾਉਣ ਦੇ ਬਾਵਜੂਦ 15 ਦੇ ਕਰੀਬ ਵਿਦਿਆਰਥੀ ਐਸ.ਸੀ. ਸ਼੍ਰੇਣੀ ਨੂੰ ਬੁੱਧਵਾਰ ਨੂੰ ਸਾਰਾ ਦਿਨ ਪ੍ਰੈਕਟੀਕਲ ਨਹੀਂ ਦੇਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਕਾਲਜ ਦੀ ਮੈਨੇਜਮੈਂਟ ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਵਜ਼ੀਫ਼ਾ ਕਾਲਜ ਦੀ ਫੀਸ ਵਿੱਚ ਜਮ੍ਹਾਂ ਕਰਵਾਉਣ ਲਈ ਵੀ ਕਹਿ ਰਹੀ ਹੈ। ਪ੍ਰਬੰਧਕਾਂ ਨੇ ਫੀਸਾਂ ਸਬੰਧੀ ਬੱਚਿਆਂ ਦੇ ਮਾਪਿਆਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਜਦੋਂ ਸਾਰਿਆਂ ਵਿੱਚ ਭਾਰੀ ਰੋਸ ਪਾਇਆ ਗਿਆ ਤਾਂ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਸੜਕ ਜਾਮ ਕਰਕੇ ਕਾਲਜ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਪ੍ਰੀਖਿਆ ਕਰਵਾ ਕੇ ਸਾਨੂੰ ਇਨਸਾਫ਼ ਨਹੀਂ ਦਿਵਾਉਂਦਾ, ਉਦੋਂ ਤੱਕ ਸੜਕ ਜਾਮ ਕਰਕੇ ਨਾਅਰੇਬਾਜ਼ੀ ਜਾਰੀ ਰਹੇਗੀ | ਵਿਦਿਆਰਥਣਾਂ ਨੇ ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੂੰ ਕਾਲਜ ਪ੍ਰਬੰਧਕਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਪੁਲੀਸ ਨੇ ਮੌਕੇ ’ਤੇ ਆ ਕੇ ਵਿਦਿਆਰਥਣਾਂ ਅਤੇ ਕਾਲਜ ਪ੍ਰਬੰਧਕਾਂ ਦੀ ਗੱਲ ਸੁਣ ਕੇ ਝਗੜਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨਸਾਫ਼ ਦਾ ਭਰੋਸਾ ਦੇ ਕੇ ਸ਼ਾਮ ਕਰੀਬ 6 ਵਜੇ ਧਰਨਾ ਚੁੱਕਵਾਇਆ।
ਇਸ ਸਬੰਧੀ ਕਾਲਜ ਪ੍ਰਬੰਧਕ ਸਤਨਾਮ ਸਿੰਘ ਸੰਧੂ ਨੇ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ ਤਾਂ ਇਹ ਕਹਿਣ ਲਈ ਮਜ਼ਬੂਰ ਹੋ ਗਏ ਕਿ ਜੇਕਰ ਬੱਚੇ ਪੂਰੀ ਫੀਸ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਪ੍ਰੀਖਿਆ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ। ਵਜ਼ੀਫਾ ਜਮ੍ਹਾ ਕਰਵਾਉਣ ਦੀ ਗੱਲ ਅਤੇ ਧਰਨਾ ਦੇਣ ਸੰਬੰਧੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਸੰਬੰਧੀ ਕੁਝ ਨਹੀਂ ਪਤਾ।