ਅੰਮ੍ਰਿਤਸਰ, 6 ਮਾਰਚ, 2022: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖ਼ਾਸਾ ਵਿਖ਼ੇ ਸਥਿਤ ਬੀ.ਐਸ.ਐਫ. ਦੇ ਬਟਾਲੀਅਨ ਹੈਡਕੁਆਰਟਰ ਵਿੱਚ ਐਤਵਾਰ ਸਵੇਰੇ ਵਾਪਰੀ ਇਕ ਵੱਡੀ ਘਟਨਾ ਵਿੱਚ ਬੀ.ਐਸ.ਐਫ. ਦੇ 5 ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿੱਚ ਗੋਲੀਆਂ ਚਲਾਉਣ ਵਾਲਾ ਜਵਾਨ ਵੀ ਸ਼ਾਮਲ ਹੈ। ਇਕ ਹੋਰ ਜਵਾਨ ਜ਼ਖ਼ਮੀ ਹੋਇਂਆ ਹੈ।
ਮਿਲੀ ਜਾਣਕਾਰੀ ਤੋਂ ਅਨੁਸਾਰ ਅੱਜ ਸਵੇਰੇ ਮਹਾਰਾਸ਼ਟਰ ਨਾਲ ਸੰਬੰਧਤ 30-35 ਸਾਲਾ ਸਤੱਪਾ ਐਸ.ਕੇ. ਨਾਂਅ ਦੇ ਇਕ ਜਵਾਨ ਵੱਲੋਂ ਆਪਣੀ ਰਾਈਫ਼ਲ ਨਾਲ ਆਪਣੇ ਹੀ ਸਾਥੀਆਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ ਗਈਆਂ। ਇਸ ਨਾਲ ਚਾਰ ਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਕਿ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਘਟਨਾ ਵਿੱਚ ਹੀ ਹਮਲਾਵਰ ਜਵਾਨ ਦੀ ਵੀ ਮੌਤ ਹੋ ਗਈ ਪਰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸਦੀ ਮੌਤ ਜਵਾਬੀ ਕਾਰਵਾਈ ਵਿੱਚ ਹੋਈ ਹੈ ਜਾਂ ਫ਼ਿਰ ਉਸਨੇ ਖੁਦਕੁਸ਼ੀ ਕੀਤੀ। ਅਜੇ। ਇਹ ਵੀ ਸਪਸ਼ਟ ਨਹੀਂ ਹੈ ਕਿ ਇਸ ਖ਼ੂਨੀ ਵਰਤਾਰੇ ਦਾ ਮੁੱਢ ਕਿਵੇਂ ਅਤੇ ਕਿਉਂ ਬੱਝਾ। ਇਸੇ ਦੌਰਾਨ ਥਾਣਾ ਘਰਿੰਡਾ ਦੇ ਐੱਸ.ਐੱਚ.ਉ. ਸ: ਤਜਿੰਦਰਪਾਲ ਸਿੰਘ ਗੁਰਾਇਆ ਭਾਰੀ ਪੁਲਿਸ ਫ਼ੋਰਸ ਲੈ ਕੇ ਬੀ.ਐਸ.ਐਫ. ਹੈਡਕੁਆਰਟਰ, ਖ਼ਾਸਾ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਮ੍ਰਿਤਕ ਜਵਾਨਾਂ ਦੀਆਂ ਦੇਹਾਂ ਸਿਵਲ ਹਸਪਤਾਲ ਵਿਖ਼ੇ ਲਿਜਾਈਆਂ ਗਈਆਂ ਹਨ ਜਿੱਥੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹਾਲਾਂਕਿ ਬੀ.ਐਸ.ਐਫ. ਵੱਲੋ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਅਜੇ ਮ੍ਰਿਤਕ ਜਵਾਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਉੱਧਰ ਬੀ.ਐਸ.ਐਫ.ਨੇ ਵੀ ਮਾਮਲੇ ਦੀ ਜਾਂਚ ਲਈ ‘ਕੋਰਟ ਆਫ਼ ਇਨਕੁਆਰੀ’ ਦੇ ਹੁਕਮ ਦਿੱਤੇ ਹਨ।