ਗੁਰਦਾਸਪੁਰ, 2 ਮਾਰਚ ( ਮੰਨਣ ਸੈਣੀ )। ਯੂਕੇਰਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆ ਨੂੰ ਜਿਲਾ ਪ੍ਰਸ਼ਾਸਨ ਨੇ ਘਰਾਂ ਤਕ ਪਹੁੰਚ ਕੀਤੀ ਹੈ ਤੇ ਵਿਦਿਆਰਥੀਆਂ ਦੀ ਘਰ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਗੱਲਬਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਦੇ 46 ਵਿਦਿਆਰਥੀ ਯੂਕੇਰਨ ਵਿਚ ਫਸੇ ਹੋਏ ਹਨ, ਜਿਨਾਂ ਵਿਚ 2 ਵਿਦਿਆਰਥੀ ਸੁਰੱਖਿਅਤ ਵਾਪਸ ਘਰ ਪਹੁੰਚ ਗਏ ਹਨ ਅਤੇ ਰਹਿੰਦੇ ਵਿਦਿਆਥੀਆਂ ਦੀ ਵਤਨ ਵਾਪਸੀ ਲਈ ਸਰਕਾਰ ਵਲੋਂ ਯਤਨ ਲਗਾਤਾਰ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਯੂਕੇਰਨ ਫਸੇ ਵਿਦਿਆਰਥੀਆਂ ਦੇ ਮਾਪਿਆ ਨਾਲ ਘਰ-ਘਰ ਜਾ ਕੇ ਉਨਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨਾਂ ਦੀ ਯੂਕੇਰਨ ਵਿਚ ਤਾਜ਼ਾ ਹਾਲਾਤ ਅਤੇ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਵਲੋਂ ਲਗਾਤਾਰ ਪਰਿਵਾਰਕ ਮੈਂਬਰਾਂ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਉਨਾਂ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਹਰ ਵੇਲੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਸੰਪਰਕ ਵਿਚ ਹੈ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਬਹੁਤ ਜਲਦ ਸਾਰੇ ਵਿਦਿਆਰਥੀ ਸੁਰੱਖਿਅਤ ਆਪਣੇ ਘਰਾਂ ਨੂੰ ਪਹੁੰਚਣਗੇ।
ਦੱਸਣਯੋਗ ਹੈ ਕਿ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਨੂੰ ਐਸ.ਡੀ.ਐਮ ਗੁਰਦਾਸਪੁਰ ਅਮਨਪ੍ਰੀਤ ਸਿੰਘ, ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ , ਜਸਕਰਨ ਸਿੰਘ ਤਹਿਸੀਲਦਾਰ, ਹਰਜਿੰਦਰ ਸਿੰਘ ਡੀਡੀਪੀਓ ਗੁਰਦਾਸਪੁਰ ਸਮੇਤ ਉੱਚ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਕੇ, ਉਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।