ਹੋਰ ਪੰਜਾਬ ਰਾਜਨੀਤੀ

ਕਾਨੂੰਨ ਵਿਵਸਥਾ ਨੂੰ ਚੁਸਤ- ਦਰੁਸਤ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਸਿਆਸੀ ਗ਼ਲਬੇ ਤੋਂ ਮੁਕਤੀ ਜ਼ਰੂਰੀ: ਭਗਵੰਤ ਮਾਨ

ਕਾਨੂੰਨ ਵਿਵਸਥਾ ਨੂੰ ਚੁਸਤ- ਦਰੁਸਤ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਸਿਆਸੀ ਗ਼ਲਬੇ ਤੋਂ ਮੁਕਤੀ ਜ਼ਰੂਰੀ: ਭਗਵੰਤ ਮਾਨ
  • PublishedMarch 2, 2022

-‘ਆਪ’ ਦੀ ਸਰਕਾਰ ਸੂਬੇ ਦੇ ਪੁਲੀਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਕਰੇਗੀ ਹੱਲ: ਭਗਵੰਤ ਮਾਨ

-ਪੁਲੀਸ ਫੋਰਸ ਤੋਂ ਕੇਵਲ ਪੁਲੀਸ ਦੇ ਕੰਮ ਕਰਵਾਏ ਜਾਣਗੇ ਅਤੇ ਸਿਆਸੀ ਦਖ਼ਲਅੰਦਾਜ਼ੀ ਹੋਵੇਗੀ ਬੰਦ : ਭਗਵੰਤ ਮਾਨ

ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੀ ਰਾਜਾਂ ਦੇ ਜਵਾਨਾਂ ‘ਤੇ ਆਧਾਰਿਤ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਬਣਾ ਕੇ ਪੰਜਾਬੀਆਂ ਨੂੰ ਦਿੱਤਾ ਧੋਖ਼ਾ: ਭਗਵੰਤ ਮਾਨ

ਚੰਡੀਗੜ, 2 ਮਾਰਚ । ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਸੂਬੇ ਦੇ ਪੁਲੀਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਵਿਚਾਰ ਕੇ ਹੱਲ ਕਰੇਗੀ। ਉਨਾਂ ਕਿਹਾ ਕਿ ਸੂਬੇ ਦੇ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ, ਪਰ ਰਿਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਮੁਲਾਜ਼ਮਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਮਾਨ ਮੁਤਾਬਕ ਜਦੋਂ ਤੱਕ ਪੁਲੀਸ ਪ੍ਰਸ਼ਾਸਨ ‘ਚ ਉਪਰ ਤੋਂ ਲੈ ਕੇ ਹੇਠਾਂ ਤੱਕ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਚੁਸਤ- ਦੁਰਸਤ ਨਹੀਂ ਕੀਤਾ ਜਾ ਸਕਦਾ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਹਰ ਵਾਰ ਦੀ ਤਰਾਂ ਇਸ ਵਾਰ ਵਿਧਾਨ ਸਭਾ ਚੋਣਾ ਸਮੇਂ ਆਪਣੀ ਕਾਰਜਕੁਸ਼ਲਤਾ ਦਾ ਸੁਚੱਜਾ ਸਬੂਤ ਦਿੱਤਾ ਹੈ। ਪੁਲੀਸ ਮੁਲਾਜ਼ਮਾਂ ਨੇ ਬੂਥ ਤੋਂ ਲੈ ਕੇ ਸਟ੍ਰਾਂਗ ਰੂਮ ਤੱਕ ਸੁਰੱਖਿਆ ਮਜ਼ਬੂਤ ਕੀਤੀ ਹੈ ਅਤੇ ਵੋਟਰਾਂ ਸਮੇਤ ਡਿਊਟੀ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਾਰਥਕ ਰੋਲ ਅਦਾ ਕੀਤਾ ਹੈ।

ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਅਤੇ ਪਿਛਲੀ ਅਕਾਲੀ- ਭਾਜਪਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪੁਲੀਸ ‘ਤੇ ਹੀ ਵਿਸ਼ਵਾਸ ਨਹੀਂ ਹੈ, ਕਿਉਂਕਿ ਬਾਦਲ ਅਤੇ ਕੈਪਟਨ ਨੇ ਆਪਣੀ, ਆਪਣੇ ਪਰਿਵਾਰਾਂ ਅਤੇ ਹੋਰ ਕਰੀਬੀਆਂ ਦੀ ਸੁਰੱਖਿਆ ਲਈ ਬਣਾਏ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਦੇ 209 ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ, ਜਦੋਂ ਕਿ ਪੰਜਾਬ ਦੇ ਕੇਵਲ 19 ਨੌਜਵਾਨਾਂ ਨੂੰ ਨੌਕਰੀ ਨਸੀਬ ਹੋਈ।” ਉਨਾਂ ਦੋਸ਼ ਲਾਇਆ ਕਿ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਤੋਂ ਡੀ.ਐਸ.ਪੀ, ਇੰਸਪੈਕਟਰ, ਸਬ ਇੰਸਪੈਕਟਰ ਅਤੇ ਜਵਾਨ ਭਰਤੀ ਕਰਕੇ ਬਾਦਲਾਂ ਅਤੇ ਕੈਪਟਨ ਨੇ ਨਾ ਸਿਰਫ਼ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਸਗੋਂ ਪੰਜਾਬ ਦੇ ਖ਼ਜਾਨੇ ਨੂੰ ਵੀ ਲੁੱਟਿਆ ਹੈ।

ਮਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਪੁਲੀਸ ਦੇ ਮਾਣ- ਸਨਮਾਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਪੁਲੀਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਪੁਲੀਸ ਫੋਰਸ ਤੋਂ ਕੇਵਲ ਪੁਲੀਸ ਦੇ ਕੰਮ ਕਰਵਾਏ ਜਾਣਗੇ ਅਤੇ ਸਿਆਸੀ ਆਗੂਆਂ ਦੇ ਘਰਾਂ ‘ਚ ਕੰਮ ਕਰਨ ‘ਤੇ ਪਾਬੰਦੀ ਲਾਗੂ ਕੀਤੀ ਜਾਵੇਗੀ। ਸਿਆਸੀ ਆਗੂਆਂ, ਉਚ ਅਫ਼ਸਰਾਂ ਸਮੇਤ ਹੋਰਨਾਂ ਤਥਾ ਕਥਿਤ ਵੀ.ਆਈ.ਪੀਜ਼ ਨੂੰ ਸੁਰੱਖਿਆ ਦੇ ਨਾਂ ‘ਤੇ ਪੱਕੇ ਤੌਰ ‘ਤੇ ਦਿੱਤੇ ਵਾਧੂ ਪੁਲੀਸ ਮੁਲਾਜ਼ਮ ਵਾਪਸ ਲੈ ਕੇ ਉਨਾਂ ਦੀ ਥਾਣਿਆਂ ਅਤੇ ਟਰੈਫਿਕ ਪ੍ਰਬੰਧਾਂ ‘ਚ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਠੀਕ ਰਹਿਣ ਦੇ ਨਾਲ- ਨਾਲ ਆਮ ਲੋਕਾਂ ਦੇ ਮਸਲੇ ਨਿਸ਼ਚਿਤ ਸਮੇਂ ਵਿੱਚ ਹੱਲ ਹੋਣ। ਉਨਾਂ ਕਿਹਾ ਕਿ ਪੁਲੀਸ ਮੁਲਾਜ਼ਮ ਨੂੰ ਹਫ਼ਤਾਵਾਰੀ ਛੁੱਟੀ ਦੇਣ ਦੇ ਨਾਲ- ਨਾਲ ਡਿਊਟੀ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਰੋਜ਼ਾਨਾ ਖਾਣੇ ਦੇ ਪੈਸਿਆਂ ‘ਚ ਵਾਧਾ ਕੀਤਾ ਜਾਵੇਗਾ ਅਤੇ ਆਵਾਜਾਈ ਭੱਤੇ ਸੁਧਾਰੇ ਜਾਣਗੇ।

ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਤਰਾਂ ਆਮ ਸਰਕਾਰੀ ਮੁਲਾਜ਼ਮਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਦ੍ਰਿੜ ਸੰਕਲਪ ਹੈ। ‘ਆਪ’ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ- ਨਾਲ ਪੇ -ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ।

Written By
The Punjab Wire