ਅਮ੍ਰਿਤਸਰ, 28 ਫਰਵਰੀ। ਯੁਕਰੇਨ ਵਿੱਚ ਚੱਲ ਰਹੀ ਜੰਗ ਦੌਰਾਨ ਰੂਸੀ ਫੌਜ ਦੇ ਖਾਰਕੀਵ ਸ਼ਹਿਰ ਵਿੱਚ ਦਾਖਲ ਹੋਣ ਦੀਆਂ ਖਬਰਾਂ ਨੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਵੱਲੋਂ ਲਗਾਤਾਰ ਪੰਜਾਬ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ, ਨੇ ਵੀ ਮੌਜੂਦਾ ਪ੍ਰਸਥਿਤੀਆਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਕੋਰਸ ’ਚ ਦੂਜੇ ਵਰ੍ਹੇ ਦੀ ਵਿਦਿਆਰਥਣ ਕਾਇਨਾਤ ਦੀ ਮਾਂ ਰੇਖਾ ਮਹਾਜਨ ਨੇ ਦੱਸਿਆ ਕਿ ਖਾਰਕੀਵ ਸ਼ਹਿਰ ਵਿੱਚ ਰੂਸੀ ਫੌਜ ਦੇ ਦਾਖਲ ਹੋਣ ਤੋਂ ਬਾਅਦ ਅੱਜ ਸਵੇਰ ਤੋਂ ਹੀ ਇੰਟਰਨੈੱਟ ਕੁਨੈਕਸ਼ਨ ਬੰਦ ਹੋ ਗਏ ਹਨ। ਉਸ ਨੇ ਦੱਸਿਆ ਕਿ ਅੱਜ ਸਵੇਰੇ ਬੇਟੀ ਨਾਲ ਗੱਲ ਹੋਈ ਸੀ, ਜਿਸਨੇ ਦੱਸਿਆ ਕਿ ਉਹ ਅਤੇ ਹੋਰ ਵਿਦਿਆਰਥੀ ਵੱਡੀ ਗਿਣਤੀ ਵਿੱਚ ਹੋਸਟਲ ਦੀ ਬੇਸਮੈਂਟ ਵਿੱਚ ਹਨ। ਉਨ੍ਹਾਂ ਨੂੰ ਬਾਹਰ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ। ਐੱਮਬੀਬੀਐੱਸ ਦੇ ਪੰਜਵੇਂ ਵਰ੍ਹੇ ਦੇ ਵਿਦਿਆਰਥੀ ਅੰਬੁਜ ਸੋਨੀ ਦੀ ਮਾਂ ਸਲੋਨੀ ਨੇ ਦੱਸਿਆ ਕਿ ਅੱਜ ਬੇਟੇ ਨਾਲ ਗੱਲ ਹੋਈ ਹੈ ਅਤੇ ਉਹ ਮੈਟਰੋ ਸਟੇਸ਼ਨ ਵਿੱਚ ਹਨ।
ਸੰਸਦ ਮੈਂਬਰ ਗੁਰਜੀਤ ਔਜਲਾ ਦੇ ਦਫ਼ਤਰ ਨੇ ਖੁਲਾਸਾ ਕੀਤਾ ਹੈ ਕਿ ਇਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲਾ ਅਤੇ ਯੂਕਰੇਨ ਵਿੱਚ ਬਣਾਏ ਗਏ ਕੰਟਰੋਲ ਰੂਮ ’ਚੋਂ ਕੋਈ ਵੀ ਠੋਸ ਜਵਾਬ ਨਹੀਂ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਲਗਭਗ ਚਾਰ ਵਾਰ ਵਿਦਿਆਰਥੀਆਂ ਦੀ ਸੂਚੀ ਅਤੇ ਵੇਰਵੇ ਭੇਜੇ ਗਏ ਹਨ। ਹਰ ਵਾਰ ਇਕੋ ਜਵਾਬ ਮਿਲ ਰਿਹਾ ਹੈ, ਜਿਸ ਤੋਂ ਤਸੱਲੀ ਨਹੀਂ ਹੋ ਰਹੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿਚ ਸੰਕਟ ਹੋਰ ਵਧ ਸਕਦਾ ਹੈ। ਉਨ੍ਹਾਂ ਵੱਲੋਂ ਉਥੇ ਫਸੇ ਲੋਕਾਂ ਦੀ ਮਦਦ ਲਈ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ।