ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ ਦੀ ਹਦਾਇਤ
ਗੁਰਦਾਸਪੁਰ, 16 ਜਨਵਰੀ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ, ਉਹ ਰੈਪਿਡ ਐਟੀਂਜਨ ਟੈਸਟ (ਆਰ.ਏ.ਟੀ- RAT) ਦੀ ਕੋਵਿਡ ਪੋਜ਼ਟਿਵ ਰਿਪੋਰਟ ਦੇ ਆਧਾਰ ’ਤੇ ਡਿਊਟੀ ਕਟਵਾ ਰਹੇ ਹਨ। ਇਸ ਲਈ ਸਾਰੇ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ।
ਉਨਾਂ ਅੱਗੇ ਕਿਹਾ ਕਿ ਜੇਕਰ, ਆਰ.ਏ.ਟੀ (RAT) ਟੈਸਟ ਦੀ ਜਰੂਰਤ ਪੈਂਦੀ ਹੈ ਤਾਂ ਇਹ ਪੋਜ਼ਟਿਵ ਰਿਪੋਰਟ ਕਿੱਟ ਦੀ ਐਸ.ਐਮ.ਓ ਫੋਟੋ ਹਸਪਤਾਲ ਵਿਖੇ ਰਿਕਾਰਡ ਲਈ ਰੱਖੇਗਾ ਅਤੇ ਟੈਸਟ ਰਿਪੋਰਟ ਉੱਤੇ ਸਬੰਧਤ ਐਸ.ਐਮ.ਓਜ਼ ਦੇ ਕਾਊਂਟਰ ਸਾਈਨ ਹੋਣੇ ਲਾਜ਼ਮੀ ਹੋਣਗੇ। ਐਸ.ਐਮ.ਓਜ਼ ਇਹ ਯਕੀਨੀ ਬਣਾਉਣਗੇ ਕਿ ਗਲਤ ਰਿਪੋਰਟ ਨਾ ਕੀਤੀ ਜਾਵੇ। ਜੇਕਰ ਜਾਂਚ ਕਰਨ ’ਤੇ ਪਾਇਆ ਗਿਆ ਕਿ ਵਿਅਕਤੀ ਦੀ ਰਿਪੋਰਟ ਗਲਤ ਕੀਤੀ ਗਈ ਹੈ ਤਾਂ ਇਸ ਨੂੰ ਚੋਣ ਪ੍ਰਕਿਰਿਆ ਦੀ ਗਲਤ ਵਰਤੋਂ (malpractice) ਮੰਨਿਆ ਜਾਵੇ ਅਤੇ ਉਸ ਵਿਰੁੱਧ ਆਰ.ਪੀ ਐਕਟ 1951 ਦੀ ਧਾਰਾ 134 ਤਹਿਤ ਕਾਰਵਾਈ ਕੀਤੀ ਜਾਵੇਗੀ।