ਗੁਰਦਾਸਪੁਰ, 12 ਜਨਵਰੀ (ਮੰਨਣ ਸੈਣੀ)। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਆੜ ਵਿੱਚ ਦੇਸ਼ ਵਿਰੋਧੀ ਅਨਸਰ ਇੱਥੇ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ਅਤੇ ਪਾਕਿਸਤਾਨ- ਹਿਦੋਸਤਾਨੀ ਸਰਹਦ ਤੇ ਡਰੋਨ ਦੇ ਜਰਿਏ ਹਥਿਆਰ, ਹੇਰੋਇਨ ਇਤਆਦੀ ਭੇਜ ਰਹੇ ਹਨ। ਹਾਲਾਕਿ ਬੀਐਸਐਫ ਪੂਰੀ ਤਰਾਂ ਸੁਚੇਤ ਦੱਸੀ ਜਾ ਰਹੀ ਹੈ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਹੀ ਹੈ। ਇਸੇ ਲੜੀ ਦੇ ਤਹਿਤ ਮੰਗਲਵਾਰ ਰਾਤ 9:15 ਵਜੇ ਬੀ.ਐਸ.ਐਫ ਦੀ ਸੈਕਟਰ ਗੁਰਦਾਸਪੁਰ ਦੀ ਸਰਹੱਦ ‘ਤੇ ਤਾਇਨਾਤ ਦਸ ਬਟਾਲੀਅਨ ਦੇ ਬੀ.ਓ.ਪੀ. ਡੇਰਾ ਬਾਬਾ ਨਾਨਕ ਰੋਡ ਚੌਕੀ, ਸੰਘਣੀ ਧੁੰਦ ਵਿੱਚ ਉਡਦੇ ਪਾਕਿ ਡਰੋਨ ਨੂੰ ਦੇਖ ਕੇ ਗੋਲੀਬਾਰੀ ਕਰਕੇ ਡਰੋਨ ਦੀ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੈਕਟਰ ਗੁਰਦਾਸਪੁਰ ਵਿੱਚ ਕਈ ਵਾਰ ਡਰੋਨ ਦੇਖੇ ਗਏ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਕਰਤਾਰਪੁਰ ਪੈਸੇਂਜਰ ਟਰਮੀਨਲ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬੀ.ਐਸ.ਐਫ ਦੀ 10 ਬਟਾਲੀਅਨ ਦੀ ਬੀਓਪੀ ਡੇਰਾ ਬਾਬਾ ਨਾਨਕ ਰੋਡ ਪੋਸਟ ‘ਤੇ ਤਾਇਨਾਤ ਜਵਾਨਾਂ ਨੇ ਸਰਹੱਦ ‘ਤੇ ਪਾਕਿ ਡਰੋਨ ਨੂੰ ਉੱਡਦੇ ਦੇਖਿਆ। ਸੰਘਣੀ ਧੁੰਦ ‘ਚ ਡਰੋਨ ਨੂੰ ਉੱਡਦਾ ਦੇਖ ਕੇ ਡਿਊਟੀ ‘ਤੇ ਮੌਜੂਦ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਡਰੋਨ ‘ਤੇ 14 ਗੋਲੀਆਂ ਦਾਗੀਆਂ ਗਈਆਂ। ਜਿਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਰਿਪੋਰਟ ਲਿਖੇ ਜਾਣ ਤੱਕ ਬੀਐਸਐਫ ਦੇ ਹੱਥ ਕੋਈ ਵੀ ਸ਼ੱਕੀ ਵਸਤੂ ਨਹੀਂ ਲੱਗੀ ਸੀ।
ਦੂਜੇ ਪਾਸੇ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਸੰਘਣੀ ਧੁੰਦ ਦੌਰਾਨ ਸਰਹੱਦ ’ਤੇ ਪਾਕਿਸਤਾਨੀ ਡਰੋਨਾਂ ਨੂੰ ਉਡਦੇ ਦੇਖ ਕੇ ਮਹਿਲਾ ਕਾਂਸਟੇਬਲਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ ਦੇ ਜਵਾਨ ਅਤੇ ਔਰਤਾਂ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।