Close

Recent Posts

ਹੋਰ ਗੁਰਦਾਸਪੁਰ ਪੰਜਾਬ

ਸੀ-ਵਿਜ਼ਲ ’ਤੇ ਆਈਆਂ 5 ਸ਼ਿਕਾਇਤਾਂ ਵਿਚੋਂ 2 ਦਾ ਚੋਣ ਪ੍ਰਕਿਰਿਆ ਨਾਲ ਸਬੰਧ ਨਾ ਹੋਣ ਕਰਕੇ ਰੱਦ, ਬਾਕੀ 3 ਦਾ ਕੀਤਾ ਨਿਪਟਾਰਾ

ਸੀ-ਵਿਜ਼ਲ ’ਤੇ ਆਈਆਂ 5 ਸ਼ਿਕਾਇਤਾਂ ਵਿਚੋਂ 2 ਦਾ ਚੋਣ ਪ੍ਰਕਿਰਿਆ ਨਾਲ ਸਬੰਧ ਨਾ ਹੋਣ ਕਰਕੇ ਰੱਦ, ਬਾਕੀ 3 ਦਾ ਕੀਤਾ ਨਿਪਟਾਰਾ
  • PublishedJanuary 12, 2022

ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਨੇਪਰੇ ਚੜਾਉਣ ਲਈ ਵਚਨਬੱਧ-ਜ਼ਿਲਾ ਚੋਣ ਅਫਸਰ

ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ- ਵਿਜ਼ਲ ਐਪ ਰਾਹੀਂ ਕਰਨ ਲੋਕ

ਗੁਰਦਾਸਪੁਰ, 12 ਜਨਵਰੀ ( ਮੰਨਣ ਸੈਣੀ )। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਨੂੰ ਨਿਰਪੱਖ, ਨਿਰਵਿਘਨ, ਸ਼ਾਤਮਈ ਤੇ ਸੁਤੰਤਰ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲਾ ਪ੍ਰਸ਼ਾਸਨ ਵਚਨਬੱਧ ਹੈ, ਜਿਸ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਇੱਕਜੁੱਟ ਹੋ ਕੇ ਕੰਮ ਕਰ ਰਿਹਾ ਹੈ।

ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹਾਇਤਾ ਲਈ ਜਿਥੇ 1950 ਹੈਲਪਲਾਈਨ ਨੰਬਰ 24 ਘੰਟੇ ਕੰਮ ਕਰ ਰਿਹਾ ਹੈ, ਓਥੇ ਹੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਸੀ-ਵਿਜਲ ਐਪ ਰਾਹੀ ਕੀਤੀ ਜਾ ਸਕਦੀ ਹੈ, ਜਿਸ ’ਤੇ ਅਗਲੇ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ। ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਇਹ ਬਹੁਤ ਪ੍ਰਭਾਵਸ਼ਾਲੀ ਐਪ ਹੈ, ਜਿਸ ਰਾਹੀ ਗੁਰਦਾਸਪੁਰ ਜ਼ਿਲੇ ਵਿਚ ਹੁਣ ਤਕ (ਬੀਤੇ ਕੱਲ੍ਹ ਤੇ ਅੱਜ) 5 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਉਨਾਂ ਦੱਸਿਆ ਕਿ ਇਨਾਂ ਵਿਚ 2 ਸ਼ਿਕਾਇਤਾਂ ਚੋਣ ਪ੍ਰਕਿਰਿਆ ਨਾਲ ਸਬੰਧਤ ਨਹੀਂ ਸਨ, ਜਿਸ ਕਰਕੇ ਇਨਾਂ ਨੂੰ ਰੱਦ ਕਰ ਦਿੱਤਾ ਗਿਆ। ਜਦਕਿ ਬਾਕੀ ਤਿੰਨ ਸ਼ਿਕਾਇਤਾਂ ਵਿਚ ਇਕ ਵਿਧਾਨ ਸਭਾ ਹਲਕਾ ਕਾਦੀਆਂ ਨਾਲ ਸਬੰਧਤ ਸੀ, ਜਿਸ ਵਿਚ ਰੈਲੀ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਸੀ, ਪਰ ਜਦ ਮੋਕੇ ’ਤੇ ਟੀਮ ਪੁਹੰਚੀ ਤਾਂ ਅਜਿਹਾ ਕੁਝ ਨਹੀਂ ਸੀ। ਇਸੇ ਤਰਾਂ ਦੋ ਸ਼ਿਕਾਇਤਾਂ ਫਤਿਹਗੜ੍ਹ ਚੂੜੀਆਂ ਹਲਕੇ ਨਾਲ ਸਬੰਧਤ ਸਨ। ਜਿਸ ਵਿਚੋਂ ਇਕ ਸ਼ਿਕਾਇਤ ਰਾਜਨੀਤਿਕ ਪਾਰਟੀ ਦੇ ਪੋਸਟਰ ਲੱਗੇ ਹੋਣ ਦੀ ਸੀ, ਪੋਸਟਰ ਨੂੰ ਉਤਾਰ ਦਿੱਤਾ ਗਿਆ ਹੈ ਅਤੇ ਦੂਸਰੀ ਸ਼ਿਕਾਇਤ ਗਲੀ ਦੇ ਨਿਰਮਾਣ ਕਾਰਜ ਨਾਲ ਸੰਬਧਤ ਸੀ, ਜਿਸ ਵਿਚ ਪਾਇਆ ਗਿਆ ਕਿ ਇਹ ਕੰਮ ਚੋਣ ਜ਼ਾਬਤੇ ਲੱਗਣ ਤੋਂ ਪਹਿਲਾਂ ਦਾ ਚੱਲ ਰਿਹਾ ਹੈ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1950 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।

ਉਨਾਂ ਅੱਗੇ ਦੱਸਿਆ ਕਿ ਜਿਲੇ ਅੰਦਰ ਹਰ ਵਿਧਾਨ ਸਭਾ ਹਲਕੇ ਵਿਚ ਉੱਡਣ ਦਸਤਿਆਂ ਦੀ ਟੀਮਾਂ , ਸਟੈਟਿਕ ਸਰਵੇਲੈਂਸ ਟੀਮਾਂ ਅਤੇ ਆਦਰਸ਼ ਚੋਣ ਜ਼ਾਬਤੇ ਨਾਲ ਸਬੰਧਤ ਟੀਮਾਂ ਅਤੇ ਸੈਕਟਰ ਅਫਸਰ ਤਾਇਨਾਤ ਹਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਇਕ ਟੀਮ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਜਸ਼ੀਲ ਹੈ ਅਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।

Written By
The Punjab Wire