ਗੁਰਦਾਸਪੁਰ, 11 ਜਨਵਰੀ। ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੁੰਦੇ ਹੀ ਚੋਣ ਲੜ ਰਹੇ ਉਮੀਦਵਾਰਾਂ ਵੱਲੋ ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਈ ਗਈ। ਇਸੇ ਲੜੀ ਤਹਿਤ ਗੁਰਦਾਸਪੁਰ ਵਿਧਾਨ ਸਭਾ ਸੀਟ ਦੇ ਸਭ ਤੋਂ ਵੱਡੇ ਪਿੰਡ ਤਿੱਬੜ ਵਿੱਚ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਰਮਨ ਬਹਿਲ ਨੇ ਪਾਰਟੀ ਦਫਤਰ ਖੋਲਿਆ।
ਅੱਜ ਤਿੱਬੜ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਰਮਨ ਬਹਿਲ ਨੇ ਉੱਥੇ ਮੌਜੂਦ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਬੜ ਵਿੱਚ ਜਿਸ ਤਰ੍ਹਾਂ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ, ਇਸ ਨੂੰ ਸਿਰਫ਼ ਚੋਣਾਂ ਤੱਕ ਸੀਮਤ ਨਾ ਸਮਝਿਆ ਜਾਵੇ। ਇਹ ਦਫ਼ਤਰ ਸਥਾਨਕ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਦੇਖਭਾਲ ਲਈ ਖੁੱਲ੍ਹਾ ਰਹੇਗਾ। ਇੱਥੇ ਤੁਹਾਨੂੰ ਦਫਤਰ ਦੇ ਸਮੇਂ ਕੋਈ ਅਜਿਹਾ ਵਿਅਕਤੀ ਮਿਲੇਗਾ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰੇਗਾ।
ਇਸੇ ਤਰ੍ਹਾਂ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਹਰ ਪਿੰਡ ਦੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਲਈ ਪੰਜ ਤੋਂ ਸੱਤ ਪਿੰਡਾਂ ਦੇ ਸਰਕਲ ਵਿੱਚ ਪਾਰਟੀ ਦਫ਼ਤਰ ਹੋਵੇਗਾ, ਜਿਸ ਵਿੱਚ ਦਫ਼ਤਰੀ ਸਮੇਂ ਦੌਰਾਨ ਸਟਾਫ਼ ਵੀ ਹਾਜ਼ਰ ਰਹੇਗਾ। ਬਹਿਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਕੁਝ ਚੋਣਵੇਂ ਲੋਕ ਹੀ ਸੱਤਾ ਦੇ ਬੂਹੇ ਤੱਕ ਨਹੀਂ ਪਹੁੰਚਣਗੇ ਸਗੋਂ ਸਰਕਾਰ ਹਰ ਆਮ-ਓ-ਖਾਸ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਨਹੀਂ ਹੁੰਦਿਆੰ ਪਰ ਪੁਰਾਣੀ ਕਿਸਮ ਦੀ ਰਾਜਨੀਤੀ ਕਰਨ ਵਾਲੇ ਸਿਆਸਤਦਾਨ ਇਨਾੰ ਸਮਸਿਆਵਾੰ ਦੇ ਵੱਡੇ ਹੋਣ ਤੱਕ ਇੰਤਜ਼ਾਰ ਕਰਦੇ ਹਨ।
ਇਹੀ ਕਾਰਨ ਹੈ ਕਿ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮਾਂ ਲਈ ਦਰ-ਦਰ ਭਟਕਣਾ ਪੈਂਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਗੀਤ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਬ੍ਰਿਜੇਸ਼ ਚੋਪੜਾ (ਬੌਬੀ), ਹਿੱਤਪਾਲ ਸਿੰਘ, ਰਾਜੇਸ਼ ਭੰਗਵਾ, ਮਾਸਟਰ ਯਸ਼ਪਾਲ, ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਗੋਪੀ ਅਤੇ ਦਲੇਰ ਸਿੰਘ ਲੱਖੋਵਾਲ ਵੀ ਹਾਜ਼ਰ ਸਨ।