ਫ਼ਤਹਿਗੜ੍ਹ ਚੂੜੀਆਂ ਦੇ ਵਸਨੀਕਾਂ ਨੇ ਤ੍ਰਿਪਤ ਬਾਜਵਾ ਦਾ ਧੰਨਵਾਦ ਕੀਤਾ
ਬਟਾਲਾ, 7 ਜਨਵਰੀ ( ਮੰਨਣ ਸੈਣੀ ) । ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਫ਼ਤਹਿਗੜ ਚੂੜੀਆਂ ਨੂੰ ਤਹਿਸੀਲ/ਸਬ-ਡਵੀਜ਼ਨ ਦਾ ਦਰਜਾ ਦੇ ਦਿੱਤਾ ਗਿਆ ਹੈ, ਜਿਸ ਨਾਲ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਅਤੇ ਨਾਲ ਲੱਗਦੇ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਨਵੀਂ ਬਣੀ ਫ਼ਤਹਿਗੜ ਚੂੜੀਆਂ ਤਹਿਸੀਲ ਵਿੱਚ 2 ਕਾਨੂੰਗੋ ਸਰਕਲ, 20 ਪਟਵਾਰ ਸਰਕਲ ਅਤੇ 62 ਪਿੰਡ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਫ਼ਤਹਿਗੜ ਚੂੜੀਆਂ ਅਤੇ ਇਸਦੇ ਨਾਲ ਲੱਗਦੇ ਇਲਾਕੇ ਦੇ ਨਿਵਾਸੀਆਂ ਨੂੰ ਆਪਣੇ ਤਹਿਸੀਲ ਨਾਲ ਸਬੰਧਤ ਸਰਕਾਰੀ ਕੰਮਾਂ ਲਈ 30 ਤੋਂ 40 ਕਿਲੋਮੀਟਰ ਦੂਰ ਬਟਾਲਾ ਸ਼ਹਿਰ ਵਿਖੇ ਜਾਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਸਮਾਂ ਅਤੇ ਧੰਨ ਖਰਚ ਹੁੰਦਾ ਸੀ। ਉਨਾਂ ਕਿਹਾ ਕਿ ਹੁਣ ਫ਼ਤਹਿਗੜ ਚੂੜੀਆਂ ਵਿਖੇ ਐੱਸ.ਡੀ.ਐੱਮ. ਅਤੇ ਤਹਿਸੀਲਦਾਰ ਬੈਠਣ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਕਿਤੇ ਦੂਰ ਨਹੀਂ ਜਾਣਾ ਪਵੇਗਾ।
ਓਧਰ ਫ਼ਤਹਿਗੜ੍ਹ ਚੂੜੀਆਂ ਦੇ ਵਸਨੀਕ ਸੁਰੇਸ਼ ਕੁਮਾਰ ਬੱਬਲੂ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਫ਼ਤਹਿਗੜ ਚੂੜੀਆਂ ਨੂੰ ਤਹਿਸੀਲ ਦਾ ਦਰਜਾ ਮਿਲ ਸਕਿਆ ਹੈ ਜਿਸ ਲਈ ਸਮੂਹ ਸ਼ਹਿਰ ਤੇ ਇਲਾਕਾ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਫ਼ਤਹਿਗੜ ਚੂੜੀਆਂ ਦੇ ਵਸਨੀਕ ਰਾਜ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖੁਸ਼ ਹਨ ਅਤੇ ਇਸ ਲਈ ਸ. ਬਾਜਵਾ ਅਤੇ ਸਮੁੱਚੀ ਪੰਜਾਬ ਸਰਕਾਰ ਦੇ ਧੰਨਵਾਦੀ ਹਨ।