ਫਿਰੋਜਪੁਰ, 7 ਜਨਵਰੀ । ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਉਨ੍ਹਾਂ ਦਾ ਕਾਫ਼ਿਲਾ ਰੋਕਣ ਵਾਲੇ 100 ਤੋਂ 150 ਦੇ ਕਰੀਬ ਅਣਪਛਾਤੇ ਲੋਕਾਂ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਆਰੇਆਣਾ ਫ਼ਲਾਈਉਵਰ ’ਤੇ ਪ੍ਰਧਾਨ ਮੰਤਰੀ ਦਾ ਕਾਫ਼ਿਲਾ 15 ਤੋਂ 20 ਮਿਨਟ ਰੋਕੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਮੋਗਾ-ਫ਼ਿਰੋਜ਼ਪੁਰ ਸੜਕ ’ਤੇ ਪਿਆਰੇਆਣਾ ਫ਼ਲਾਈਉਵਰ ’ਤੇ ਪ੍ਰਧਾਨ ਮੰਤਰੀ ਦੇ ਕਾਫ਼ਿਲੇ ਨੂੰ ਰੁਕਣ ਲਈ ਮਜਬੂਰ ਕਰਨ ਦੇ ਸੰਬੰਧ ਵਿੱਚ ਥਾਣਾ ਕੁਲਗੜ੍ਹੀ ਵਿਖ਼ੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਮਾਮਲੇ ਦੇ ਕੌਮੀ ਪੱਧਰ ’ਤੇ ਮੁੱਦਾ ਬਣ ਜਾਣ ਦੇ ਮੱਦੇਨਜ਼ਰ ਪੁਲਿਸ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਕਰੇਗੀ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਸ ’ਤੇ ਕਿਸਾਨ ਜੱਥੇਬੰਦੀਆਂ ਦਾ ਪ੍ਰਤੀਕਰਮ ਕੀ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਦੀ ਪੰਜਾਬ ਆਮਦ ਮੌਕੇ ਫ਼ਿਰੋਜ਼ਪੁਰ ਰੈਲੀ ਵਿੱਚ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਸੜਕਾਂ ਜਾਮ ਕਰਨ ਦਾ ਸੱਦਾ ਕੁਝ ਕਿਸਾਨ ਜੱਥੇਬੰਦੀਆਂ ਵੱਲੋਂ ਹੀ ਦਿੱਤਾ ਗਿਆ ਸੀ।