ਮੁੱਖ ਖ਼ਬਰ

ਮੁੱਖ ਮੰਤਰੀ ਚੰਨੀ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਭਾਜਪਾ ਦੇ ਦਬਾਅ ਹੇਠ ਦੱਬੀ ਰੱਖਣ ਲਈ ਰਾਜਪਾਲ ਪੰਜਾਬ ’ਤੇ ਸਾਧਿਆ ਨਿਸ਼ਾਨਾ

ਮੁੱਖ ਮੰਤਰੀ ਚੰਨੀ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਭਾਜਪਾ ਦੇ ਦਬਾਅ ਹੇਠ ਦੱਬੀ ਰੱਖਣ ਲਈ ਰਾਜਪਾਲ ਪੰਜਾਬ ’ਤੇ ਸਾਧਿਆ ਨਿਸ਼ਾਨਾ
  • PublishedJanuary 1, 2022

ਡਰੱਗ ਮਾਫੀਏ ਦੇ ਵੱਡੇ ਮਗਰਮੱਛਾਂ ਨੂੰ ਦਬੋਚਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ

ਬੇਅਦਬੀ ਮਾਮਲੇ ਵਿੱਚ ਚੱਲ ਰਹੀ ਪੜਤਾਲ ਜਲਦ ਹੀ ਸਿੱਟਾ ਪੂਰਨ ਮੁਕਾਮ ’ਤੇ ਪਹੁੰਚੇਗੀ: ਮੁੱਖ ਮੰਤਰੀ

ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਹਿੱਤ ਰੋਜ਼ਗਾਰ ਗਰੰਟੀ ਸਕੀਮ ਅਸਲ ਅਰਥਾਂ ’ਚ ਕੀਤੀ ਜਾਵੇਗੀ ਲਾਗੂ

ਚੰਡੀਗੜ, 1 ਜਨਵਰੀ :ਪੰਜਾਬ ਦੇ ਰਾਜਪਾਲ ਨੂੰ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਫਾਈਲ ਨੂੰ ਕਲੀਅਰ ਕਰਨ ਵਿਚ ਜਾਣਬੁੱਝ ਕੇ ਅਤੇ ਬੇਲੋੜੀ ਦੇਰੀ ਕਰਨ ਲਈ ਜਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਕਿਹਾ ਕਿ ਰਾਜਪਾਲ ਸੂਬੇ ਦੇ ਸੰਵਿਧਾਨਕ ਮੁਖੀ ਹੋਣ ਦੇ ਬਾਵਜੂਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਉਪਰੰਤ ਕਿਹਾ ਕਿ ਮੁੱਖ ਸਕੱਤਰ ਅਤੇ ਉਹ (ਮੁੱਖ ਮੰਤਰੀ) ਖੁਦ ਇਸ ਫਾਈਲ ਨੂੰ ਕਲੀਅਰ ਕਰਵਾਉਣ ਲਈ ਰਾਜਪਾਲ ਨੂੰ ਨਿੱਜੀ ਤੌਰ ‘ਤੇ ਮਿਲ ਚੁੱਕੇ ਹਨ। ਉਨਾਂ ਕਿਹਾ ਕਿ ਪਹਿਲਾਂ ਉਨਾਂ ਨੂੰ ਇਹ ਲਗਦਾ ਸੀ ਕਿ ਰਾਜਪਾਲ ਕਿਤੇ ਹੋਰ ਰੁਝੇ ਹੋਏ ਹਨ, ਪਰ ਹੁਣ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਉਹਨਾਂ ਨੇ ਜਾਣਬੁੱਝਕੇ ਫਾਈਲ ਦੱਬੀ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਨੇਕਾਂ ਕਰਮਚਾਰੀਆਂ ਦੇ ਭਵਿੱਖ ਦਾ ਮਸਲਾ ਹੈ , ਜੋ ਰਾਜ ਸਰਕਾਰ ਵਿੱਚ ਕੰਮ ਕਰਦੇ ਆਪਣੇ ਹੋਰਾਂ ਸਾਥੀਆਂ ਵਾਂਗ ਪੱਕੇ ਹੋਣ ਦਾ ਦਿਨ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ।

ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇਨਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਰਾਹ ਪੱਧਰਾ ਕਰਨ ਲਈ ਬੜੀ ਗਹੁ ਨਾਲ ਸਾਰੀਆਂ ਰੂਪ-ਰੇਖਾਵਾਂ ਤਿਆਰ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇਹ ਕਾਨੂੰਨ ਪਹਿਲਾਂ ਹੀ ਪਾਸ ਕਰ ਦਿੱਤਾ ਹੈ।

ਮੁੱਖ ਮੰਤਰੀ ਚੰਨੀ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, “ਲੋੜ ਪਈ ਤਾਂ ਉਹ ਠੇਕਾ ਕਰਮੀਆਂ ਦੇ ਜਾਇਜ਼ ਹੱਕਾਂ ਦੀ ਰਾਖੀ ਲਈ ਆਪਣੇ ਕੈਬਨਿਟ ਸਾਥੀਆਂ ਅਤੇ ਪਾਰਟੀ ਵਿਧਾਇਕਾਂ ਸਮੇਤ ਰਾਜ ਭਵਨ ਅੱਗੇ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।”

ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਉਨਾਂ ਦੀ ਸਰਕਾਰ ਵੱਲੋਂ 100 ਦਿਨਾਂ ਦੌਰਾਨ ਭਗਵਾਨ ਵਾਲਮੀਕੀ ਜੀ, ਗੁਰੂ ਰਵਿਦਾਸ ਜੀ, ਭਗਤ ਕਬੀਰ ਜੀ, ਭਗਵਾਨ ਪਰਸ਼ੂਰਾਮ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ), ਉਘੇ ਰਾਜਨੇਤਾ ਅਤੇ ਭਾਰਤੀ ਸੰਵਿਧਾਨ ਦੇ ਰਚਣਹਾਰੇ ਡਾ. ਬੀ.ਆਰ. ਅੰਬੇਡਕਰ ਅਤੇ ਸੱਚੇ ਸਿੱਖ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਵਰਗੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਮ ‘ਤੇ ਕਈ ਚੇਅਰਾਂ ਸਥਾਪਤ ਕਰਨ ਲਈ ਕੀਤੀਆਂ ਪ੍ਰਮੁੱਖ ਲੋਕ-ਪੱਖੀ ਪਹਿਲਕਦਮੀਆਂ ਬਾਰੇ ਵੀ ਦੱਸਿਆ। ਇਸ  ਤੋਂ ਇਲਾਵਾ ਉਨਾਂ ਨੇ ਰਾਮਾਇਣ, ਮਹਾਭਾਰਤ ਅਤੇ ਸ੍ਰੀਮਦ ਭਗਵਦ ਗੀਤਾ ਵਰਗੇ ਤਿੰਨ ਮਹਾਂਕਾਵਿ ‘ਤੇ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕਰਨ ਬਾਰੇ ਵੀ ਜ਼ਿਕਰ ਕੀਤਾ।

ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਦੇ ਨਾਂ ‘ਤੇ ਚੇਅਰ ਸਥਾਪਤ ਕਰਨ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਚੰਨੀ ਨੇ ਭਰੋਸਾ ਦਿੱਤਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਇਸ ਮਹਾਨ ਕ੍ਰਾਂਤੀਕਾਰੀ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਚੇਅਰ ਸਥਾਪਤ ਕਰਨ ਲਈ ਉਹ ਲੋੜੀਂਦੀ ਕਾਰਵਾਈ ਯਕੀਨੀ ਬਨਾਉਣਗੇ।
ਬੇਰੁਜ਼ਗਾਰ ਨੌਜਵਾਨਾਂ ਲਈ ਰੁਜਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਯਤਨਾਂ ਵਿੱਚ ਤੇਜੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਹਿਲਾਂ ਹੀ ਰੁਜ਼ਗਾਰ ਗਾਰੰਟੀ ਸਕੀਮ ਨੂੰ ਲਾਗੂ ਕਰਨ ਦੇ ਆਖਰੀ ਪੜਾਅ ‘ਤੇ ਹੈ, ਇਸ ਸਬੰਧੀ  ਪਹਿਲਾਂ ਹੀ ਰੂਪ-ਰੇਖਾ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਉਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਠੇਕਾ ਆਧਾਰ ‘ਤੇ ਕੰਮ ਕਰਦੇ 4587 ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਹੁਣ 60 ਕਰੋੜ ਦੀ ਲਾਗਤ ਨਾਲ 22,000 ਆਸ਼ਾ ਵਰਕਰਾਂ ਲਈ 2500 ਰੁਪਏ ਦੇ ਨਿਸ਼ਚਿਤ ਮਾਸਿਕ ਭੱਤੇ ਨੂੰ ਮਨਜ਼ੂਰੀ ਦਿੱਤੀ ਹੈ। ਜਦਕਿ 64.25 ਕਰੋੜ ਦੀ ਲਾਗਤ ਨਾਲ 42500 ਮਿਡ ਡੇ ਮੀਲ ਵਰਕਰਾਂ ਦਾ ਪੱਕਾ ਭੱਤਾ ਵੀ 2200 ਰੁਪਏ ਤੋਂ ਵੱਧ ਕੇ 3000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਐਸਆਈਟੀ ਵੱਲੋਂ ਜਾਂਚ ਪਹਿਲਾਂ ਹੀ ਚੱਲ ਰਹੀ ਹੈ ਅਤੇ ਜਲਦੀ ਤੋਂ ਜਲਦੀ ਇਸ ਨੂੰ ਤਰਕਸੰਗਤ ਪੜਾਅ ਤੱਕ ਪਹੁੰਚਾਇਆ ਜਾਵੇਗਾ। ਇਸੇ ਤਰਾਂ ਡਰੱਗ ਮਾਫੀਆ ਦੇ ਸਾਰੇ ਦੋਸ਼ੀਆਂ ਨਾਲ ਕਾਨੂੰਨ ਅਨੁਸਾਰ ਸਖਤੀ ਨਾਲ ਨਜਿੱਠਿਆ ਜਾਵੇਗਾ। ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੇ ਮਾਮਲੇ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਹੀ ਪੂਰਨ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਜੋ ਇਸ ਮਾਮਲੇ ਦੀ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ।     

Written By
The Punjab Wire