Close

Recent Posts

ਹੋਰ ਗੁਰਦਾਸਪੁਰ ਪੰਜਾਬ

ਵਿਰਸੇ ਤੇ ਇਤਿਹਾਸ ਨਾਲ ਜੋੜਨ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ

ਵਿਰਸੇ ਤੇ ਇਤਿਹਾਸ ਨਾਲ ਜੋੜਨ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ
  • PublishedDecember 28, 2021

ਹਰ ਐਤਵਾਰ ਚਲਾਈ ਜਾ ਰਹੀ ਹੈ ਬਟਾਲਾ ਤੇ ਗੁਰਦਾਸਪੁਰ ਤੋਂ ਮੁਫ਼ਤ ਬੱਸ ਯਾਤਰਾ

ਬਟਾਲਾ, 28 ਦਸੰਬਰ ( ਮੰਨਣ ਸੈਣੀ  ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਹੈਰੀਟਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਬੀਤੇ ਐਤਵਾਰ ਬਟਾਲਾ ਤੋਂ 24ਵੀਂ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ ਗਈ।

ਬਟਾਲਾ ਸਰਕਟ ਤਹਿਤ ਇਸ ਯਾਤਰਾ ਰਾਹੀਂ ਯਾਤਰੂਆਂ ਨੇ ਸਭ ਤੋਂ ਪਹਿਲਾਂ ਗੜ੍ਹੀ ਗੁਰਦਾਸ ਨੰਗਲ ਦੇ ਦਰਸ਼ਨ ਕੀਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਕੇਸ਼ੋਪੁਰ ਛੰਬ ਵਿਖੇ ਗਈ ਜਿਥੇ ਯਾਤਰੂਆਂ ਨੇ ਪ੍ਰਵਾਸੀ ਪੰਛੀਆਂ ਨੂੰ ਦੇਖਣ ਦਾ ਅਨੰਦ ਮਾਣਿਆ। ਇਸ ਤੋਂ ਬਾਅਦ ਯਾਤਰਾ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਛੰਭ ਵਿਖੇ ਪਹੁੰਚੀ। ਇਥੇ ਯਾਤਰੂਆਂ ਨੂੰ ਛੋਟੇ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਇੱਕ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ। ਯਾਤਰਾ ਦਾ ਅਗਲਾ ਪੜਾਅ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ ਗੁਰੂ ਕੀ ਮਸੀਤ ਦੇ ਦਰਸ਼ਨ ਕੀਤੇ। ਇਥੇ ਹੀ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਲਾਹੌਰੀ ਦਰਵਾਜ਼ੇ ਦੇ ਦਰਸ਼ਨ ਵੀ ਕੀਤੇ। ਯਾਤਰੂਆਂ ਨੇ ਯਾਤਰਾ ਦੌਰਾਨ ਪਿੰਡ ਕਿਸ਼ਨਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਵੀ ਕੀਤੇ। ਯਾਤਰਾ ਦੌਰਾਨ ਯਾਤਰੂਆਂ ਨੂੰ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਅਤੇ ਨਾਲ ਹੀ ਛੋਟਾ ਘੱਲੂਘਾਰਾ ਦੇ ਇਤਿਹਾਸ ਬਾਰੇ ਕਿਤਾਬਚਾ ਵੀ ਵੰਡਿਆ ਗਿਆ।

ਸਾਰੇ ਹੀ ਯਾਤਰੂਆਂ ਨੇ ਇਸ ਯਾਤਰਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਜਰੀਏ ਬਹੁਤ ਕੁਝ ਨਵਾਂ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸਰਕਟ ਦੇ ਦਰਸ਼ਨਾਂ ਲਈ ਬੱਸ ਹਰ ਐਤਵਾਰ ਸਵੇਰੇ 9 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲਦੀ ਹੈ, ਜਦਕਿ ਗੁਰਦਾਸਪੁਰ ਸਰਕਟ ਲਈ ਬੱਸ ਪੰਚਾਇਤ ਭਵਨ ਗੁਰਦਾਸਪੁਰ ਤੋਂ ਚੱਲਦੀ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਬਿਲਕੁੱਲ ਮੁਫ਼ਤ ਹੈ ਅਤੇ ਯਾਤਰਾ ਕਰਨ ਦੇ ਇਛੁੱਕ ਬਟਾਲਾ ਸਰਕਟ ਲਈ ਇੰਦਰਜੀਤ ਸਿੰਘ, ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਦੇ ਮੋਬਾਇਲ ਨੰਬਰ 98155-77574 ਅਤੇ ਗੁਰਦਾਸਪੁਰ ਸਰਕਟ ਲਈ  ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਦੇ ਮੋਬਾਇਲ 97800-13977 ’ਤੇ ਸੰਪਰਕ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਨਾਂ ਦੋਵਾਂ ਬੱਸਾਂ ਦੀ ਬੁਕਿੰਗ ਲਈ ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਅਦੇ ਦਮਨਜੀਤ ਸਿੰਘ ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਕਾਹਨੂੰਵਾਨ ਦੇ ਮੋਬਾਇਲ ਨੰਬਰ 98552-93452 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।    

Written By
The Punjab Wire