ਗੁਰਦਾਸਪੁਰ, 28 ਦਿਸੰਬਰ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਬੇਹਦ ਵੱਡਾ ਅਤੇ ਅਹਿਮ ਝਟਕਾ ਲਗਾ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਸ: ਫ਼ਤਹਿਜੰਗ ਸਿੰਘ ਬਾਜਵਾ ਅਤੇ ਸ: ਬਲਵਿੰਦਰ ਸਿੰਘ ਲਾਡੀ ਤੋਂ ਇਲਾਵਾ ਉਕਤ ਸਾਰੇ ਆਗੂ ਦਿੱਲੀ ਵਿਖ਼ੇ ਭਾਜਪਾ ਦਫ਼ਤਰ ਵਿੱਚ ਪਹੁੰਚੇ ਜਿੱਥੇ। ਉਨ੍ਹਾਂ ਨੂੰ ਕੇਂਦਰੀ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਗਜੇਂਦਰ ਸਿੰਘ ਸ਼ੇਖ਼ਾਵਤ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।
ਦਿਲਚਸਪ ਗੱਲ ਇਹ ਹੈ ਕਿ ਸ: ਫ਼ਤਹਿਜੰਗ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ ਅਤੇ ਬਾਜਵਾ ਪਰਿਵਾਰ ਦੇ ਜੱਦੀ ਹਲਕੇ ਕਾਦੀਆਂ ਤੋਂ ਪਾਰਟੀ ਦੇ ਵਿਧਾਇਕ ਹਨ। ਇਹ ਸੀਟ ਪਹਿਲਾਂ ਸ: ਪ੍ਰਤਾਪ ਸਿੰਘ ਬਾਜਵਾ ਨੇ ਹੀ ਉਨ੍ਹਾਂ ਲਈ ਛੱਡੀ ਸੀ ਪਰ ਹੁਣ ਸ: ਪ੍ਰਤਾਪ ਸਿੰਘ ਬਾਜਵਾ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਇਸ ਵਾਰ ਵਿਧਾਨ ਸਭਾ ਚੋਣ ਲੜਨਗੇ ਅਤੇ ਕਾਦੀਆਂ ਹਲਕੇ ਤੋਂ ਹੀ ਚੋਣ ਲੜਨਗੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਹਾਈਕਮਾਨ ਨਾਲ ਇਸ ਸੰਬੰਧੀ ਗੱਲ ਮੁੱਕ ਚੁੱਕੀ ਹੈ ਕਿ ਉਹ ਇਸ ਸੀਟ ਤੋਂ ਹੀ ਚੋਣ ਲੜਨਗੇ। ਸ:ਬਲਵਿੰਦਰ ਸਿੰਘ ਲਾਡੀ ਵੀ ਬਾਜਵਾ ਧੜੇ ਨਾਲ ਸੰਬੰਧਤ ਵਿਧਾਇਕ ਹੀ ਮੰਨੇ ਜਾਂਦੇ ਹਨ।
ਸ:ਨਵਜੋਤ ਸਿੰਘ ਸਿੱਧੂ ਲਈ ਇਹ ਝਟਕਾ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਧਾਇਕ ਹੁਣ ਸ: ਨਵਜੋਤ ਸਿੰਘ ਸਿੱਧੂ ਨਾਲ ਜੁੜੇ ਹੋਏ ਸਨ ਅਤੇ ਪਿਛਲੇ ਦਿਨੀਂ ਸ: ਫ਼ਤਹਿਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਕਾਦੀਆਂ ਹਲਕੇ ਵਿੱਚ ਕੀਤੀ ਗਈ ਰੈਲੀ ਦੌਰਾਨ ਸ: ਨਵਜੋਤ ਸਿੰਘ ਸਿੱਧੂ ਨਾ ਕੇਵਲ ਵਿਸ਼ੇਸ਼ ਤੌਰ ’ਤੇ ਪੁੱਜੇ ਸਨ ਸਗੋਂ ਉਨ੍ਹਾਂ ਨੇ ਉਸ ਹਲਕੇ ਤੋਂ ਸ: ਬਾਜਵਾ ਨੂੰ ਜਿਤਾਉਣ ਦਾ ਦਮ ਭਰਿਆ ਸੀ।
ਉਕਤ ਤੋਂ ਇਲਾਵਾ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਕ੍ਰਿਕੇਟਰ ਸ੍ਰੀ ਦਿਨੇਸ਼ ਮੋਂਗੀਆ, ਸਾਬਕਾ ਐਮ.ਪੀ. ਸ: ਰਾਜਦੇਵ ਸਿੰਘ ਖ਼ਾਲਸਾ, ਸਾਬਕਾ ਵਿਧਾਇਕ ਸ: ਗੁਰਤੇਜ ਸਿੰਘ ਘੁਡਿਆਣਾ, ਸ੍ਰੀ ਕਮਲ ਬਖ਼ਸ਼ੀ, ਸ੍ਰੀਮਤੀ ਮਧੂਮੀਤ ਐਡਵੋਕੇਟ ਅਤੇ ਏ.ਡੀ.ਸੀ., ਸ: ਜਗਜੀਤ ਸਿੰਘ ਧਾਰੀਵਾਲ ਆਦਿ ਸ਼ਾਮਲ ਹਨ।