Close

Recent Posts

CORONA ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਕੀਤੀ ਅਪੀਲ, ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣਾ ਨਾ ਭੁੱਲੋ,

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਕੀਤੀ ਅਪੀਲ, ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣਾ ਨਾ ਭੁੱਲੋ,
  • PublishedDecember 23, 2021

ਹਰ ਵਿਅਕਤੀ ਅਪਣਾ ਮੁਕੰਮਲ ਟੀਕਾਕਰਨ ਕਰਵਾਏ, ਸਰਕਾਰੀ ਸਿਹਤ ਸੰਸਥਾਵਾਂ ’ਚ ਮੁਫ਼ਤ ਹੋ ਰਿਹੈ ਟੀਕਾ ਕਰਨ – ਡਿਪਟੀ ਕਮਿਸ਼ਨਰ

ਬਟਾਲਾ, 23 ਦਸੰਬਰ ( ਮੰਨਣ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੀ ਮਾਰੂ ਬੀਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੁਆਰਾ ਮਾਸਕ ਪਾਉਣ, ਇਕ ਦੂਜੇ ਤੋਂ ਸਮਾਜਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਨੂੰ ਕੁਝ ਸਮੇਂ ਤੋਂ ਬਿਲਕੁਲ ਭੁਲਾ ਦਿਤਾ ਗਿਆ ਹੈ, ਜੋ ਗੰਭੀਰ ਚਿੰਤਾ ਦੀ ਗੱਲ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਮੇਤ ਕੁਝ ਦੇਸ਼ਾਂ ਵਿਚ ਕੋਵਿਡ-19 ਦੇ ਨਵੇਂ ਸਰੂਪ ‘ਓਮੀਕਰੌਨ’ ਦੇ ਕੇਸ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕੋਵਿਡ-ਮਹਾਂਮਾਰੀ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਇਸ ਲਈ ਉਕਤ ਤਿੰਨ ਬੁਨਿਆਦੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਕੋਵਿਡ ਦੀ ਬੀਮਾਰੀ ਹੁਣ ਸ਼ਾਇਦ ਖ਼ਤਮ ਹੋ ਗਈ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਜਿਥੇ ਵੱਖ-ਵੱਖ ਥਾਈਂ ਕੋਵਿਡ ਸੈਂਪਲਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਥੇ ਕੋਵਿਡ ਟੀਕਾਕਰਨ ਦੇ ਕੰਮ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਨੇ ਆਖਿਆ ਕਿ ਇਸ ਬੀਮਾਰੀ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਕਿਹਾ ਕਿ ਤੀਜੀ ਸੰਭਾਵੀ ਲਹਿਰ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤ ਕੇ ਖ਼ੁਦ ਨੂੰ ਅਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ।

ਜਨਾਬ ਮੁਹੰਮਦ ਇਸ਼ਫ਼ਾਕ ਨੇ ਦੁਹਰਾਇਆ ਕਿ ਇਸ ਬੀਮਾਰੀ ਤੋਂ ਬਚਾਅ ਵਾਸਤੇ ਕੋਵਿਡ ਟੀਕਾ ਕਰਨ ਵੀ ਬਹੁਤ ਜ਼ਰੂਰੀ ਹੈ। ਜਿਹੜੇ ਲੋਕਾਂ ਨੇ ਹਾਲੇ ਤਕ ਵੀ ਕੋਵਿਡ ਤੋਂ ਬਚਾਅ ਲਈ ਕੋਈ ਵੀ ਟੀਕਾ ਨਹੀਂ ਲਗਵਾਇਆ ਜਾਂ ਜਿਨ੍ਹਾਂ ਨੇ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਟੀਕਾਕਰਨ ਮਗਰੋਂ ਵੀ ਕਿਸੇ ਕਾਰਨ ਕੋਵਿਡ ਦੀ ਲਾਗ ਲੱਗ ਜਾਂਦੀ ਹੈ ਤਾਂ ਟੀਕਾ ਕਰਨ ਕਰਵਾ ਚੁੱਕੇ ਵਿਅਕਤੀ ਨੂੰ ਹਸਪਤਾਲ ’ਚ ਦਾਖ਼ਲ ਹੋਣ ਜਾਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਇਹ ਵੀ ਕਿਹਾ ਕਿ ਭੀੜ ਵਿਚ ਜਾਣ ਤੋਂ ਬਚਿਆ ਜਾਵੇ। ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।    

Written By
The Punjab Wire