ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਜਾਂਚ ਅਤੇ ਹੋਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਾਜਿਸ਼ ਰੱਚ ਕੀਤਾ ਗਿਆ ਮਜੀਠੀਆ ਖਿਲਾਫ ਪਰਚਾ ਦਰਜ- ਜ਼ਿਲਾ ਪ੍ਰਧਾਨ ਬੱਬੇਹਾਲੀ
ਗੁਰਦਾਸਪੁਰ, 23 ਦਸੰਬਰ (ਮੰਨਣ ਸੈਣੀ) । ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਕੀਤੇ ਗਏ ਝੂਠੇ ਪਰਚੇ ਨੇ ਵਰਕਰਾਂ ਵਿੱਚ ਭਾਰੀ ਜ਼ੋਸ਼ ਭਰ ਦਿੱਤਾ ਹੈ ਅਤੇ ਅਕਾਲੀ ਦਲ ਦੇ ਵਰਕਰ ਪਰਚਿਆਂ ਦਾ ਰਾਜਨੀਤੀ ਕਰ ਰਹੀ ਕਾਂਗਰਸ ਤੋਂ ਬਿਲਕੁਲ ਵੀ ਡਰਨ ਵਾਲੇ ਨਹੀਂ ਹਨ। ਇਹ ਸ਼ਬਦ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਬੱਬੇਹਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹਰ ਫਰੰਟ ‘ਤੇ ਪੂਰਾ ਕਰਨ ‘ਚ ਨਾਕਾਮ ਰਹੀ ਕਾਂਗਰਸ ਲੋਕਾਂ ਦਾ ਧਿਆਨ ਭਟਕਾਉਣ ਲਈ ਕੋਝੀ ਸਾਜਿਸ਼ਾ ਰੱਚ ਰਹੀ ਹੈ| ਪਰ ਮਜੀਠੀਆ ‘ਤੇ ਹੋਏ ਪਰਚੇ ਨੇ ਅਕਾਲੀ ਵਰਕਰਾਂ ‘ਚ ਜੋਸ਼ ਭਰ ਦਿੱਤਾ ਹੈ ਅਤੇ ਭਲਕੇ ਯੂਥ ਅਕਾਲੀ ਦਲ ਦੇ ਵਰਕਰ ਅਤੇ ਆਗੂ ਐਸਐਸਪੀ ਦਫ਼ਤਰ ਦਾ ਘਿਰਾਓ ਕਰਨਗੇਂ।
ਦੋਸ਼ ਲਾਉਂਦਿਆਂ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਵਰਗੇ ਕਈ ਅਹਿਮ ਮੁੱਦਿਆਂ ‘ਤੇ ਜਵਾਬ ਦੇਣ ਤੋਂ ਬਚਣ ਲਈ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਪੰਜਾਬ ਦੇ ਕਿਸਾਨ ਆਪਣੀ ਕਰਜ਼ਾ ਮੁਆਫ਼ੀ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉਠਾ ਰਹੇ ਹਨ, ਘਰ-ਘਰ ਨੌਕਰੀਆਂ ਸਬੰਧੀ ਸਰਕਾਰ ਦੀ ਗੱਲ ਝੂਠੀ ਸਾਬਤ ਹੋ ਰਹੀ ਹੈ। ਅਜਿਹੇ ਕਈ ਝੂਠ ਕਾਂਗਰਸ ਵੱਲੋਂ ਪਿਛਲਿਆ ਚੋਣਾਂ ਵਿੱਚ ਬੋਲੇ ਗਏ ।
ਉਪਰੋਕਤ ਸਵਾਲਾਂ ਤੋਂ ਬਚਣ ਲਈ ਕਾਂਗਰਸ ਵੱਲੋ ਸਾਜ਼ਿਸ਼ਾ ਰਚ ਕੇ ਪੁਲਿਸ ਅਫਸਰਾਂ ਨੂੰ ਬਦਲ ਕੇ, ਲਾਲਚ ਦੇ ਕੇ, ਮਿਲੀ ਭੁਗਤ ਕਰਕੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਪਰ ਇਸ ਨਾਲ ਅਕਾਲੀ ਦਲ ਹੋਰ ਮਜਬੂਤ ਹੋਇਆ ਹੈ।
ਬੱਬੇਹਾਲੀ ਨੇ ਕਿਹਾ ਕਿ ਕਾਂਗਰਸੀਆਂ ਨੇ ਉਹਨਾਂ ਖੁੱਦ ਤੇ ਅਤੇ ਉਹਨਾਂ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਖਿਲਾਫ ਕਈ ਝੂਠੇ ਪਰਚੇ ਦਰਜ ਕਰਵਾਏ ਹਨ। ਪਰ ਮਾਣਯੋਗ ਅਦਾਲਤ ਵਿੱਚ ਉਹਨਾਂ ਨੂੰ ਇਨਸਾਫ਼ ਮਿਲਿਆ ਅਤੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੂੰ ਮਾਣ-ਸਨਮਾਨ ਨਾਲ ਬਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ’ਤੇ ਉਪਰੋਕਤ ਅਧਿਕਾਰੀਆਂ ਖ਼ਿਲਾਫ਼ ਜਾਂਚ ਹੋਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਕਾਰਵਾਈ ਕੀਤੀ ਜਾਵੇਗੀ।
ਹਲਕਾ ਵਿਧਾਇਕ ‘ਤੇ ਹਮਲਾ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਚੰਨੀ ਨੂੰ “ਐਲਾਨ ਮੰਤਰੀ” ਦੇ ਨਾਂ ਨਾਲ ਜਾਣਦੇ ਹਨ, ਉਸੇ ਤਰ੍ਹਾਂ ਹੁਣ ਲੋਕ ਹਲਕਾ ਵਿਧਾਇਕ ਨੂੰ “ਟਾਈਲਾਂ ਵਾਲੇ ਵਿਧਾਇਕ” ਕਹਿ ਕੇ ਸੰਬੋਧਨ ਕਰ ਰਹੇ ਹਨ। ਜੇਲ੍ਹ ਰੋਡ ’ਤੇ ਸੜਕ ਨੂੰ ਲੁੱਕ ਨਾਲ ਬਣਾਇਆ ਜਾਣਾ ਸੀ। ਪਰ ਉਥੇ ਟਾਈਲਾਂ ਲਗਾਈਆਂ ਗਈਆਂ ਹਨ, ਜਿਸ ਕਾਰਨ ਹੁਣ ਰਾਹਗੀਰਾਂ ਨੂੰ ਸੜਕ ਉਪਰ ਧੱਲੇ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਆਪ’ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲੇ ਗਏ ਮਾੜੇ ਸ਼ਬਦਾਂ ‘ਤੇ ਬੱਬੇਹਾਲੀ ਨੇ ਕਿਹਾ ਕਿ ਮਾਨ ਨੂੰ ਦੋ ਵਾਰ ਬਿਠਾਇਆ ਜਾ ਚੁੱਕਾ ਹੈ ਅਤੇ ਹੁਣ ਉਨ੍ਹਾਂ ਨੂੰ ਸੰਜੀਦਗੀ ਨਾਲ ਰਾਜਨੀਤੀ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਹੱਸਣ ਵਾਲੇ ਬਿਆਨਬਾਜ਼ੀ ਛੱਡਣੀ ਚਾਹੀਦੀ ਹੈ। ਜੇਕਰ ਉਹ ਸਹੀ ਪ੍ਰਧਾਨ ਹੁੰਦੇ ਤਾਂ ਉਨ੍ਹਾਂ ਦੇ ਵਿਧਾਇਕ ਪਾਰਟੀ ਨਾ ਛੱਡਦੇ।
ਇਸ ਮੌਕੇ ਤੇ ਸਰਦਾਰ ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ, ਰਾਜਨਬੀਰ ਸਿੰਘ ਘੁਮਾਣ, ਗੁਰਇਕਬਾਲ ਸਿੰਘ ਮਾਹਲ, ਕਮਲਜੀਤ ਚਾਵਲਾ, ਰਮਨ ਸੰਧੂ, ਬਲਬੀਰ ਸਿੰਘ ਬਿੱਟੂ, ਗੁਰਜੀਤ ਸਿੰਘ ਬਿਜਲੀਵਾਲ, ਲਖਵਿੰਦਰ ਸਿੰਘ ਘੁੰਮਣ, ਗੁਰਨਾਮ ਸਿੰਘ ਜੱਸਲ ਮੈਂਬਰ ਐਸਜੀਪੀਸੀ, ਐਡਵੋਕੇਟ ਅਮਰਜੋਤ ਸਿੰਘ, ਬੱਬੇਹਾਲੀ ਸਤੀਸ਼ ਕੁਮਾਰ ਡਿੰਪਲ ਐਕਸ ਚੇਅਰਮੈਨ ਆਦਿ ਹਾਜ਼ਰ ਸਨ