ਐਤਵਾਰ ਦੇਰ ਸ਼ਾਮ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਵਿੱਚ ਵੀ ਇੱਕ ਪਾਕਿਸਤਾਨੀ ਨੌਜਵਾਨ ਨੂੰ ਫੜਿਆ
ਗੁਰਦਾਸਪੁਰ, 20 ਦਿਸੰਬਰ (ਮੰਨਣ ਸੈਣੀ)। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਆੜ ਵਿੱਚ ਦੇਸ਼ ਵਿਰੋਧੀ ਅਨਸਰਾਂ ਵੱਲੋਂ ਅਤੇ ਪਾਕਿਸਤਾਨ ਵੱਲੋ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਹਰ ਹੀਲੇ ਵਰਤੇ ਜਾ ਰਹੇ ਹਨ। ਇਸੇ ਕੜੀ ਵਿੱਚ ਐਤਵਾਰ ਰਾਤ 12.02 ਮਿੰਟ ‘ਤੇ ਬੀ.ਐਸ.ਐਫ ਦੀ ਸੈਕਟਰ ਗੁਰਦਾਸਪੁਰ ਦੀ 10 ਬਟਾਲੀਅਨ ਦੀ ਬੀਓਪੀ ਕਾਸੋਵਾਲ ਦੀ ਸਰਹੱਦ ‘ਤੇ ਤਾਇਨਾਤ ਮਹਿਲਾ ਕਾਂਸਟੇਬਲਾਂ ਵੱਲੋਂ 12.02 ਮਿੰਟ ‘ਤੇ ਡਰੋਨ ਨੇ ਗੋਲੀਬਾਰੀ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਇਸ ਚੌਕੀ ਤੋਂ ਦਸ ਬਟਾਲੀਅਨ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ ਵੀ ਕਾਬੂ ਕੀਤਾ ਸੀ। ਜਿਸ ਕੋਲੋ ਮੋਬਾਇਲ ਫੋਨ,ਚਾਰਜਰ, ਇਅਰਫੋਨ, ਸ਼ਹਿਦ ਦੀ ਸ਼ੀਸ਼ੀ ਅਤੇ 1650 ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਸੀ। ਜਿਸਦੀ ਸ਼ਿਨਾਖਤ ਜੁਲਕਾਰ ਨੈਨ ਸਿਕੰਦਰ ਪਾਕਿਸਤਾਨ ਵੱਜੋ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸੈਕਟਰ ਗੁਰਦਾਸਪੁਰ ਵਿੱਚ ਵੱਖ-ਵੱਖ ਬਟਾਲੀਅਨਾਂ ਦੇ ਬੋਓਪੀ ਉੱਤੇ 20 ਦੇ ਕਰੀਬ ਪਾਕਿਸਤਾਨੀ ਡਰੋਨਾਂ ਉੱਤੇ ਗੋਲੀਬਾਰੀ ਕੀਤੀ ਜਾ ਚੁੱਕੀ ਹੈ। ਬੀਐਸਐਫ ਦੀ 18 ਬਟਾਲੀਅਨ ਦੇ ਬੀਓਪੀ ਕਾਸੋਵਾਲ ਸਰਹੱਦ ਤੋਂ ਬੀਤੀ ਰਾਤ ਇੱਕ ਪਾਕਿਸਤਾਨੀ ਡਰੋਨ ਸਰਹੱਦ ਦੇ ਨਾਲ ਉੱਡਦਾ ਦੇਖਿਆ ਗਿਆ। ਸੰਘਣੀ ਧੁੰਦ ‘ਚ ਡਰੋਨ ਨੂੰ ਉੱਡਦਾ ਦੇਖ ਕੇ ਬੀਐੱਸਐੱਫ ਦੀ ਮਹਿਲਾ ਕਾਂਸਟੇਬਲ ਅਤੇ ਡਿਊਟੀ ‘ਤੇ ਮੌਜੂਦ ਜਵਾਨਾਂ ਵੱਲੋਂ ਡਰੋਨ ‘ਤੇ ਪੰਜ ਗੋਲੀਆਂ ਚਲਾਈਆਂ ਗਈਆਂ।
ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਸੰਘਣੀ ਧੁੰਦ ਦੌਰਾਨ ਸਰਹੱਦ ’ਤੇ ਪਾਕਿਸਤਾਨੀ ਡਰੋਨ ਉਡਦੇ ਦੇਖ ਕੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਹੱਦ ‘ਤੇ ਡਰੋਨ ਜਾਂ ਕੋਈ ਹੋਰ ਸ਼ੱਕੀ ਵਸਤੂ ਦੇਖਣ ‘ਤੇ ਸਬੰਧਤ ਬੀਐਸਐਫ ਚੌਕੀ ਨੂੰ ਸੂਚਿਤ ਕਰਨ। ਤਾਂ ਜੋ ਦੇਸ਼ ਵਿਰੋਧੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡਿਪਟੀ ਕਮਾਂਡੈਂਟ ਰਾਮ ਸਿੰਘ ਯਾਦਵ ਤੋਂ ਇਲਾਵਾ ਬੀਐਸਐਫ ਦੇ ਹੋਰ ਜਵਾਨ ਅਤੇ ਪੰਜਾਬ ਪੁਲੀਸ ਦੇ ਅਧਿਕਾਰੀ ਹਾਜ਼ਰ ਸਨ।