ਗੁਰਦਾਸਪੁਰ, 20 ਦਸੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 24 ਦਸੰਬਰ ਨੂੰ ਸਵੇਰੇ 10 ਵਜੇ ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਆਮ ਆਦਮੀ ਪਾਰਟੀ ਦੀ ਗੁਰਦਾਸਪੁਰ ਇਕਾਈ ਨੇ ਜ਼ੋਰ-ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਅਤੇ ਗੁਰਦਾਸਪੁਰ ਤੋਂ ‘ਆਪ’ ਉਮੀਦਵਾਰ ਰਮਨ ਬਹਿਲ ਨੇ ਮੀਡੀਆ ਨੂੰ ਦਿੱਤੀ। ਇਸ ਸਬੰਧ ਵਿੱਚ ਅੱਜ ਸਵੇਰੇ ਪਾਰਟੀ ਦੇ ਚੋਣ ਦਫ਼ਤਰ (ਲਾਇਬ੍ਰੇਰੀ ਰੋਡ ਨੇੜੇ ਕਮਲ ਸਵੀਟਸ) ਵਿੱਚ ਮੀਟਿੰਗ ਕੀਤੀ ਗਈ।
ਪਾਰਟੀ ਹਾਈਕਮਾਂਡ ਵੱਲੋਂ ਗੁਰਦਾਸਪੁਰ ਨੂੰ ਦਿੱਤੇ ਜਾਣ ਵਾਲੇ ਮਹੱਤਵ ਨੂੰ ਲੈ ਕੇ ਭਾਰੀ ਖੁਸ਼ੀ ਤੇ ਰੌਣਕ ਦਾ ਮਾਹੌਲ ਸੀ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਉਤਸ਼ਾਹਿਤ ਵਰਕਰਾਂ ਦੇ ਚਿਹਰੇ ਦੱਸ ਰਹੇ ਸਨ ਕਿ ਇਸ ਵਾਰ ਉਨ੍ਹਾਂ ਨੂੰ ਭਾਵੇਂ ਕਿੰਨੀ ਵੀ ਮਿਹਨਤ ਕਰਨੀ ਪਵੇ ਪਰ ਉਹ ਮਾਝਾ ਖੇਤਰ ਦੀ ਗੁਰਦਾਸਪੁਰ ਸੀਟ ਨੂੰ ਆਮ ਆਦਮੀ ਦੇ ਜਿੱਤ ਦੇ ਰੱਥ ਦਾ ਗੇਟਵੇ ਬਣਾ ਕੇ ਹੀ ਸਾਹ ਲੈਣਗੇ। ਪਾਰਟੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਵੱਲੋ ਪਾਰਟੀ ਦੀ ਰੂਪ-ਰੇਖਾ ਤੋਂ ਇਲਾਵਾ ਚੋਣ ਪ੍ਰਚਾਰ ਦੀ ਰਣਨੀਤੀ ‘ਤੇ ਵੀ ਅਹਿਮ ਫੈਸਲੇ ਲਏ ਗਏ।
ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ (ਬੁੱਧੀਜੀਵੀ ਸੈੱਲ) ਪ੍ਰੋਫੈਸਰ ਸਤਨਾਮ ਸਿੰਘ, ਸੇਵਾਮੁਕਤ ਓ.ਆਈ.ਜੀ ਪੁਲਿਸ ਸ. ਦਿਲਬਾਗ ਸਿੰਘ ਸੂਬਾ ਜਨਰਲ ਸਕੱਤਰ (ਬੁੱਧੀਜੀਵੀ ਸੈੱਲ), ਜ਼ਿਲ੍ਹਾ ‘ਆਪ’ ਸੀਨੀਅਰ ਆਗੂ ਗੁਰਨਾਮ ਸਿੰਘ ਮੁਸਤਫ਼ਾਬਾਦ, ‘ਆਪ’ ਜ਼ਿਲ੍ਹਾ ਦਫ਼ਤਰ ਸਕੱਤਰ ਭਾਰਤ ਭੂਸ਼ਨ ਸ਼ਰਮਾ,ਆਪ ਦੀ ਜਿਲਾ ਮਹਿਲਾ ਇੰਚਾਰਜ ਸਰਬਜੀਤ ਕੌਰ, ਸੀਨੀਅਰ ਆਗੂ ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸਰਕਲ ਪ੍ਰਧਾਨ, ਬਲਾਕ ਪ੍ਰਧਾਨ, ਵੱਖ-ਵੱਖ ਵਿੰਗਾਂ ਦੇ ਇੰਚਾਰਜ, ਆਗੂ ਅਤੇ ਵਲੰਟੀਅਰ ਹਾਜ਼ਰ ਸਨ | ਮੌਜੂਦ ਇਸ ਮੌਕੇ ਸ੍ਰੀ ਰਮਨ ਬਹਿਲ ਨੇ ਸਮੂਹ ਹਾਜ਼ਰ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।