ਕਮਿਸ਼ਨ, ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ
ਗੁਰਦਾਸਪੁਰ, 14 ਦਸੰਬਰ ( ਮੰਨਣ ਸੈਣੀ )। ਪੰਜਾਬ ਰਾਜ ਸਫਾਈ ਕਮਿਸ਼ਨ ਦੇ ਮੈਂਬਰ ਪ੍ਰੇਮ ਮਸੀਹ ਵਲੋਂ ਅੱਜ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਫਾਈ ਕਰਮਚਾਰੀਆਂ, ਸੀਵਰਮੈਨਾਂ ਨਗਰ ਕੋਂਸਲ, ਤੇ ਸੀਵਰੇਜ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮਹਿੰਦਰ ਮਸੀਹ ਚਾਵਾ, ਸੁਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਭਲਾਈ ਅਫਸਰ, ਜਤਿੰਦਰ ਕੁਮਾਰ, ਅਮਨ, ਈ.ਓ ਗੁਰਦਾਸਪੁਰ ਅਸ਼ੋਕ ਕੁਮਾਰ, ਅਰੁਣ ਕੁਮਾਰ ਈ.ਓ ਧਾਰੀਵਾਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਮੀਟਿੰਗ ਦੌਰਾਨ ਮੈਂਬਰ ਪ੍ਰੇਮ ਮਸੀਹ ਨੇ ਪੰਜਾਬ ਸਰਕਾਰ, ਸ੍ਰੀ ਗੇਜਾ ਰਾਮ, ਚੇਅਰਮੈਨ ਪੰਜਾਬ ਰਾਜ ਸਫਾਈ ਕਮਿਸ਼ਨ, ਵਾਈਸ ਚੇਅਰਮੈਨ ਸ੍ਰੀ ਰਾਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ 4580 ਕਰਮੀਆਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਨਾਲ ਕਰਮੀਆਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਅੱਜ ਇਥੇ ਮੀਟਿੰਗ ਕਰਨ ਦਾ ਮੁੱਖ ਮੰਤਵ ਸਫਾਈ ਕਰਮੀਆਂ, ਸੀਵਰਮੈਨ ਤੇ ਸਬੰਧਤ ਵਿਭਾਗਾਂ ਨਾਲ ਸਬੰਧਤ ਮੁਸ਼ਕਿਲਾਂ ਸੁਣਨ ਕੇ ਉਸਦਾ ਹੱਲ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ਸਫਾਈ ਕਮਿਸ਼ਨ, ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਉਨਾਂ ਨੂੰ ਸਰਕਾਰ ਵਲੋ ਦਿੱਤੀਆਂ ਗਈਆਂ ਸਹੂਲਤਾਂ ਪੁਜਦਾ ਕਰਨ ਲਈ ਵਚਨਬੱਧ ਹੈ। ਉਨਾਂ ਅੱਗੇ ਕਿਹਾ ਕਿ ਕਮਿਸ਼ਨ ਵਲੋਂ ਜਲਦ ਹਰ ਨਗਰ ਕੌਂਸਲ ਦਾ ਦੌਰਾ ਕੀਤਾ ਜਾਵੇਗਾ ਅਤੇ ਉਥੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਨਾਲ ਮੀਟਿੰਗ ਕਰਕੇ, ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।
ਮੀਟਿੰਗ ਵਿਚ ਸਫਾਈ ਕਰਮੀਆਂ ਤੇ ਸੀਵਰਮੈਨ ਵਲੋਂ ਕਮਿਸ਼ਨ ਦੇ ਮੈਂਬਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਗਰ ਕੌਂਸਲ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਤੋਂ ਸੰਤੁਸ਼ਟ ਹਨ। ਇਸ ਮੌਕੇ ਨਗਰ ਕੌਸਲ ਦੇ ਅਧਿਕਾਰੀਆਂ ਨੇ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਨਗਰ ਕੌਸਲ ਵਿਚ ਕਰਮੀਆਂ ਦੀ ਗਿਣਤੀ ਆਦਿ ਵਧਾਈ ਜਾਵੇ, ਤਾਂ ਜੋ ਸਫਾਈ ਵਿਵਸਥਾ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।