ਪਿਛਲੇ ਪੰਜ ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਸਦਕਾ ਪਿੰਡਾਂ ਦੀ ਨੁਹਾਰ ਬਦਲੀ – ਤ੍ਰਿਪਤ ਬਾਜਵਾ
ਬਟਾਲਾ, 9 ਦਸੰਬਰ ( ਮੰਨਣ ਸੈਣੀ ) । ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਧਰਮਕੋਟ ਬੱਗਾ, ਜੌੜਾ ਸਿੰਘਾ ਅਤੇ ਕੋਟ ਕਰਮ ਚੰਦ ਵਿਖੇ ਵੱਖ-ਵੱਖ ਲਿੰਕ ਸੜਕਾਂ ਅਤੇ ਡੇਰਿਆਂ ਦੇ ਰਸਤਿਆਂ ਨੂੰ ਪੱਕਿਆਂ ਕਰਨ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਪਿੰਡਾਂ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਹਰ ਪਿੰਡ ਵਿੱਚ ਗ੍ਰਾਂਟਾਂ ਦੇ ਕੇ ਵਿਕਾਸ ਦੀ ਨਵੀਂ ਇਬਾਰਤ ਲਿਖਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਡੇਰਿਆਂ ਦੇ ਰਾਹਾਂ ਨੂੰ ਪੱਕਿਆਂ ਕੀਤਾ ਗਿਆ ਹੈ ਅਤੇ ਰਹਿੰਦੇ ਰਸਤਿਆਂ ਨੂੰ ਵੀ ਜਲਦ ਪੱਕਾ ਕੀਤਾ ਜਾਵੇਗਾ।
ਸ. ਬਾਜਵਾ ਨੇ ਕਿਹਾ ਕਿ ਜਦੋਂ 2017 ਵਿੱਚ ਉਨ੍ਹਾਂ ਨੇ ਬਤੌਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਪਿੰਡਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਛੱਪੜਾਂ ਦਾ ਨੱਕੋ-ਨੱਕ ਭਰੇ ਹੋਣਾ ਅਤੇ ਗੰਦੇ ਪਾਣੀ ਦੀ ਨਿਕਾਸੀ ਸੀ। ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਪੰਜਾਬ ਸਰਕਾਰ ਨੇ ਫਿਰ ਥਾਪਰ ਮਾਡਲ ਤਹਿਤ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਿਥੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋਇਆ ਹੈ ਓਥੇ ਹੁਣ ਪਿੰਡਾਂ ਦੇ ਛੱਪੜ ਏਨੇਂ ਖੂਬਸੂਰਤ ਬਣ ਗਏ ਹਨ ਕਿ ਰਾਸ਼ਟਰ ਪੱਧਰ ’ਤੇ ਇਸ ਕੰਮ ਦੀ ਸ਼ਲਾਘਾ ਹੋਈ ਹੈ।
ਸ. ਬਾਜਵਾ ਨੇ ਕਿਹਾ ਕਿ ਪਿੰਡਾਂ ਦੀਆਂ ਗਲੀਆਂ ਨੂੰ ਇੰਟਰਲਾਕ ਟਾਈਲਾਂ ਲਗਾ ਕੇ ਪੱਕਿਆਂ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਪਾਰਕਾਂ ਵੀ ਬਣਾਈਆਂ ਗਈਆਂ ਹਨ। ਗਲੀਆਂ ਤੇ ਰਸਤਿਆਂ ’ਤੇ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀ ਖੂਬਸੂਰਤ ਪਾਰਕਾਂ ਨੇ ਸ਼ਹਿਰਾਂ ਦੀਆਂ ਪਾਰਕਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਸਦਕਾ ਪਿੰਡਾਂ ਦੀ ਨੁਹਾਰ ਬਦਲ ਗਈ ਹੈ।
ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਹੀ ਦਿਸ਼ਾ ਵੱਲ ਅਗੇ ਵੱਧ ਰਹੀ ਹੈ ਅਤੇ ਮੁੱਖ ਮੰਤਰੀ ਨੇ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਸਹੂਲਤਾਂ ਦੇ ਕੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਭਰ ਵਿੱਚ ਕਾਂਗਰਸ ਪਾਰਟੀ ਦਾ ਗ੍ਰਾਫ ਹੋਰ ਉੱਚਾ ਹੋਇਆ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰਕੇ ਦੁਬਾਰਾ ਸਰਕਾਰ ਬਣਾਵੇਗੀ।