ਗੁਰਦਾਸਪੁਰ, 9 ਦਿਸੰਬਰ (ਮੰਨਣ ਸੈਣੀ)। ਪੰਜਾਬ ਦੀ ਸਿਆਸਤ ਵਿੱਚ ਬੇਦਾਗ ਤੇ ਇਮਾਨਦਾਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਅੱਜ ਆਪਣੀ ਘਰ ਵਾਪਸੀ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ। ਚੰੜੀਗੜ ਦੇ ਮੁੱਖ ਦਫਤਰ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਛੋਟੇਪੁਰ ਦਾ ਸਵਾਗਤ ਕਰਦੇ ਹੋਇਆ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਉਮੀਦਵਾਰ ਐਲਾਨਿਆ ਹੈ । ਇਸ ਮੌਕੇ ਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਬਟਾਲਾ ਦੇ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਲਖਬੀਰ ਸਿੰਘ ਲੋਧੀਨੰਗਲ ਨੂੰ ਹਲਕਾ ਫਤੇਹਗੜ ਚੂੜਿਆਂ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ।
ਇਥੇ ਦੱਸਣਯੋਗ ਹੈ ਕਿ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣੀ ਸਿਆਸਤ ਦਾ ਆਗਾਜ਼ ਪਿੰਡ ਦੇ ਸਰਪੰਚ ਬਣਨ ਤੋਂ ਸ਼ੁਰੂ ਕੀਤਾ ਸੀ। ਸੁੱਚਾ ਸਿੰਘ ਛੋਟੇਪੁਰ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਅਧੀਨ ਆਉਂਦੇ ਪਿੰਡ ਛੋਟੇਪੁਰ ਵਿਖੇ ਅਗਾਂਹਵਧੂ ਨਾਮਵਾਰ ਕਿਸਾਨ ਪਿਤਾ ਸਰਦੂਲ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਹੋਇਆ । ਸੁੱਚਾ ਸਿੰਘ ਛੋਟੇਪੁਰ ਦੀ ਇੱਕ ਭੈਣ ਅਤੇ ਇੱਕ ਭਰਾ ਹੈ ਜਦ ਕਿ ਉਨ੍ਹਾਂ ਦੇ ਦੋ ਬੇਟੇ ਹਨ । ਸੁੱਚਾ ਸਿੰਘ ਛੋਟੇਪੁਰ ਮਰਹੂਮ ਪੰਥਕ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਤੁੜ ਦੇ ਦਮਾਦ ਹਨ । ਸੁੱਚਾ ਸਿੰਘ ਛੋਟੇਪੁਰ ਵੱਲੋਂ ਬੀਏ ਬੀਐੱਡ ਤੱਕ ਦੀ ਪੜ੍ਹਾਈ ਖ਼ਾਲਸਾ ਕਾਲਜ ਕਾਦੀਆਂ ਤੇ ਗੌਰਮਿੰਟ ਕਾਲਜ ਗੁਰਦਾਸਪੁਰ ਤੋਂ ਕੀਤੀ । ਕਾਲਜ ਵਿਚ 1971’ਚ ਸੁੱਚਾ ਸਿੰਘ ਛੋਟੇਪੁਰ ਲਗਾਤਾਰ ਚਾਰ ਸਾਲ ਕਾਲਜ ਦੇ ਪ੍ਰਧਾਨ ਬਣੇ ਰਹੇ। ਇਸ ਉਪਰੰਤ 1972 ਵਿੱਚ ਗਰਾਮ ਪੰਚਾਇਤ ਛੋਟੇਪੁਰ ਦੇ ਸਰਪੰਚ ਬਣੇ । 1975 ‘ਚ ਬਲਾਕ ਸੰਮਤੀ ਧਾਰੀਵਾਲ ਦੇ ਚੇਅਰਮੈਨ ਤੇ ਲੈਂਡ ਮਾਰਗੇਜ ਬੈਂਕ ਗੁਰਦਾਸਪੁਰ ਦੇ ਚੇਅਰਮੈਨ ਬਣੇ । 1979 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 16 ਸਾਲ ਮੈਂਬਰ ਤੇ ਮੈਂਬਰ ਐਗਜ਼ੈਕਟਿਵ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਜਥੇਦਾਰ ਵੀ ਰਹੇ ।
ਸੁੱਚਾ ਸਿੰਘ ਛੋਟੇਪੁਰ 1985 ਵਿੱਚ ਵਿਧਾਨ ਸਭਾ ਹਲਕਾ ਧਾਰੀਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਲੜੇ ਜਿਸ ਦੌਰਾਨ ਵਿੱਚ 4880ਵੋਟਾਂ ਨਾਲ ਜੇਤੂ ਰਹੇ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿਚ ਟੂਰਿਜ਼ਮ ਮੰਤਰੀ ਬਣੇ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਉਨ੍ਹਾਂ ਆਪਣੀ ਵਜ਼ੀਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਪਰੰਤ 2002 ਵਿੱਚ ਵਿਧਾਨ ਸਭਾ ਹਲਕਾ ਧਾਰੀਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ 84 ਵੋਟਾਂ ਨਾਲ ਜੇਤੂ ਰਹੇ ਅਤੇ ਆਜ਼ਾਦ ਵਿਧਾਇਕ ਦਲ ਦੇ ਲੀਡਰ ਬਣੇ । ਇਸ ਤੋਂ ਬਾਅਦ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਜ਼ਾਦ ਚੋਣ ਲੜੀ ਪ੍ਰੰਤੂ ਹਾਰ ਗਏ । ਇਸ ਤੋਂ ਬਾਅਦ 2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜਨ ਉਪਰੰਤ ਆਮ ਆਦਮੀ ਪਾਰਟੀ ਦੇ ਕਨਵੀਨਰ ਬਣੇ ਰਹੇ । ਇਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣਾ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਸੀ ਜਿਸ ਉਪਰੰਤ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰਦਿਆਂ ਹੋਇਆਂ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਸੁੱਚਾ ਸਿੰਘ ਛੋਟੇਪੁਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲਨਗੇ ।