ਸਕੂਲ ਦੇ ਵਧੀਆ ਪ੍ਬੰਧਨ ਲਈ ਕੀਤੀ ਅਧਿਆਪਕਾਂ ਦੀ ਸਰਾਹਨਾ
ਅੰਮ੍ਰਿਤਸਰ, 7 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਸਵੇਰੇ ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜ਼ਾ ਲੈਣ ਅਤੇ ਬੱਚਿਆਂ ਨੂੰ ਮਿਲਣ ਉਪਰੰਤ ਉਨ੍ਹਾਂ ਪ੍ਰਿੰਸੀਪਲ ਦੀ ਅਗਵਾਈ ਸਾਰੇ ਅਧਿਆਪਕਾਂ ਅਤੇ ਹੋਰ ਅਮਲੇ ਵੱਲੋਂ ਸਕੂਲ ਦੀ ਸਹੀ ਸਾਂਭ-ਸੰਭਾਲ, ਸਫਾਈ ਅਤੇ ਵਿੱਦਿਅਕ ਮਿਆਰ ਨੂੰ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ।
ਮੁੱਖ ਮੰਤਰੀ ਜਮਾਤਾਂ ਵਿੱਚ ਵੀ ਗਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਈ ਵਿਸ਼ਿਆਂ ਸਬੰਧੀ ਬੱਚਿਆਂ ਤੋਂ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਤਸੱਲੀਬਖਸ਼ ਜਵਾਬ ਦਿੱਤੇ। ਜਿਸ ਤੋਂ ਮੁੱਖ ਮੰਤਰੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
ਮੁੱਖ ਮੰਤਰੀ ਨੇ ਮਿਡ ਮੀਲ ਦੀ ਤਿਆਰੀ, ਰਸੋਈ ਅਤੇ ਬਰਤਨਾਂ ਦੀ ਸਾਫ ਸਫਾਈ ਵੀ ਵੇਖੀ । ਉਨ੍ਹਾਂ ਭੋਜਨ ਤਿਆਰ ਕਰਨ ਸਮੇਂ ਅਪਣਾਏ ਜਾ ਰਹੇ ਮਾਪਦੰਡਾਂ ‘ਤੇ ਵੀ ਵੇਖੇ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਟਾਫ਼ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਸਮੂਹ ਸਟਾਫ਼ ਹਾਜ਼ਰ ਪਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਰਾਸ਼ਟਰੀ ਗੀਤ ਦੇ ਗਾਇਨ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ।