ਡਾ. ਅੰਬੇਦਕਰ ਸਾਹਿਬ ਦਾ ਜੀਵਨ ਸਾਰਿਆਂ ਲਈ ਪ੍ਰੇਰਨਾ ਸਰੋਤ –ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ
ਗੁਰਦਾਸਪੁਰ, 6 ਦਸੰਬਰ ( ਮੰਨਣ ਸੈਣੀ )। ਭਾਰਤ ਰਤਨ, ਡਾ. ਬੀ.ਆਰ ਅੰਬੇਦਕਰ ਜੀ ਦੇ ਮਹਾਂਪਰੀਨਿਰਵਣ (Mahaprinirvan Divas) ਦਿਵਸ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਜ਼ਿਲ੍ਹੇ ਭਰ ਅੰਦਰ ਸਮਾਗਮ ਕਰਵਾਏ ਗਏ, ਜਿਸ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਡਾ. ਬੀ.ਐਰ ਅੰਬੇਦਕਰ ਜੀ ਦੇ ਬੁੱਤ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਫੁੱਲ ਮਲਾਂਵਾ ਭੇਂਟ ਕਰਕੇ, ਉਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸ. ਸੁਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦਾ ਜੀਵਨ ਸਾਰਿਆਂ ਲਈ ਪ੍ਰੋਰਨਾ ਸਰੋਤ ਹੈ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦੱਬੇ ਕੁੱਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਮਾਜਿਕ ਬਰਾਬਰਤਾ ਲਈ ਲਗਾ ਦਿੱਤਾ। ਉਨਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਉਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਵਜੋਂ ਯਾਦ ਕਰਦੀ ਹੈ ਅਤੇ ਡਾ. ਸਾਹਿਬ ਦੀਆਂ ਸਿੱਖਿਆਵਾਂ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉੁਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਜੋ ਵੀ ਆਪਣੇ ਜੀਵਨ ਦੇ ਤਜਰਬਿਆਂ ਤੋਂ ਸਿੱਖਿਆ ਉਸ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਲਈ ਸਭ ਨੂੰ ਇਕ ਸਮਾਨ ਅਧਿਕਾਰ ਦਿੱਤਾ ਅਤੇ ਉਸ ਸਮੇਂ ਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਵਿਸ਼ੇਸ ਭੂਮਿਕਾ ਨਿਭਾਈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਡਾ. ਅੰਬੇਦਕਰ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਇੱਕ ਉਚ ਕੋਟੀ ਦੇ ਵਿਦਵਾਨ ਬਣੇ। ਭਾਰਤੀ ਸੰਵਿਧਾਨ ਬਣਾਉਣ ਸਮੇਂ ਆਪ ਖੁਦ ਚੇਅਰਮੈਨ ਸਨ ਅਤੇ ਉਨ੍ਹਾਂ ਨੇ ਲਿਤਾੜੇ ਹੋਏ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਅਤੇ ਉਨ੍ਹਾਂ ਨੂੰ ਗੁਲਾਮੀ ਵਿੱਚੋਂ ਕੱਢਣ ਲਈ ਅੰਗਰੇਜ਼ੀ ਸਾਮਰਾਜ ਹਕੂਮਤ ਖਿਲਾਫ਼ ਸੰਘਰਸ਼ ਕੀਤਾ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਰਦੇ ਸਮੇਂ ਸਭ ਨੂੰ ਬਰਾਬਰ ਰੱਖਿਆ ਅਤੇ ਇਸਤਰੀ-ਪੁਰਸ਼ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ, ਅਸੀ ਸਾਰੇ ਪ੍ਰਣ ਕਰੀਏ ਕਿ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰੀਏ ਤੇ ਬਰਾਬਰਤਾ ਦਾ ਸੰਦੇਸ਼ ਵੰਡੀਏ।
ਇਸ ਮੌਕੇ ਸੁਖਵਿੰਦਰ ਸਿੰਘ ਜ਼ਿਲਾ ਭਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਅੱਜ ਜ਼ਿਲੇ ਅੰਦਰ ਵਿਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਸਥਾਨਾਂ ’ਤੇ ਡਾ.ਬੀ.ਆਰ ਅੰਬੇਦਕਰ ਜੀ ਦੇ ਮਹਾਂਪਰੀਨਿਰਵਣ ਦਿਵਸ ਮੋਕੇ ਸਮਾਗਮ ਕਰਵਾਏ ਗਏ। ਉਨਾਂ ਅੱਗੇ ਦੱਸਿਆ ਕਿ ਡਾ. ਅੰਬੇਦਕਰ ਜੀ ਦਾ 14 ਅਪਰੈਲ 1891 ਨੂੰ ਜਨਮ ਹੋਇਆ ਸੀ ਅਤੇ 06 ਦਸੰਬਰ 1956 ਨੂੰ ਸਵਰਗਵਾਸ ਹੋਏ ਸਨ।