ਰੇਤ ਮਾਫੀਆ ਨੂੰ ਲੈ ਕੇ ਕੇਜਰੀਵਾਲ ਵੱਲੋਂ ਚੰਨੀ ‘ਤੇ ਪਲਟਵਾਰ
ਚੰਡੀਗੜ, 3 ਦਸੰਬਰ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ‘ਚ ਗੈਰ-ਕਾਨੂੰਨੀ ਖਣਨ (ਮਾਇਨਿੰਗ) ਨਾ ਹੋਣ ਦੇ ਦਾਅਵੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ਵੀ ਧੜੱਲੇ ਨਾਲ ਬੋਲਦੇ ਹਨ।
ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਟਵੀਟ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਮੁੱਖ ਮੰਤਰੀ ਚੰਨੀ ਨੂੰ ਇਸ ਨੁਕਤੇ ‘ਤੇ ਘੇਰਿਆ ਗਿਆ ਹੈ ਕਿ ਰੇਤ ਮਾਫੀਆ ਵੱਲੋਂ ਮੁੱਖ ਮੰਤਰੀ ਚੰਨੀ ਦੇ ਆਪਣੇ ਵਿਧਾਨ ਸਭਾ ਹਲਕੇ (ਚਮਕੌਰ ਸਾਹਿਬ) ‘ਚ ਜਿਸ ਗੈਰ-ਕਾਨੂੰਨੀ ਖੱਡ ਉੱਤੇ ਲੰਘੇ ਕੱਲ (ਸ਼ਨੀਵਾਰ) ਨੂੰ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਹੇਠ ‘ਆਪ’ ਆਗੂਆਂ ਨੇ ਛਾਪੇਮਾਰੀ ਕਰਕੇ ਚੰਨੀ ਸਰਕਾਰ ਦੇ ਰੇਤ ਮਾਫੀਆ ਦਾ ਸ਼ਰੇਆਮ ਪਰਦਾਫਾਸ਼ ਕੀਤਾ ਸੀ। ਮੁੱਖ ਮੰਤਰੀ ਚੰਨੀ ਨੇ ਅੱਜ (ਐਤਵਾਰ) ਨੂੰ ਉਸ ਖੱਡ ਉੱਤੇ ਨਾ ਜਾ ਕੇ ਸਾਬਤ ਕਰ ਦਿੱਤਾ ਕਿ ਪੰਜਾਬ ‘ਚ ਰੇਤ ਮਾਫੀਆ ਉਸੇ ਤਰਾਂ ਚੱਲ ਰਿਹਾ ਹੈ, ਜਿਵੇਂ ਕੈਪਟਨ ਅਤੇ ਬਾਦਲਾਂ ਦੇ ਰਾਜ ‘ਚ ਬੇਰੋਕ-ਟੋਕ ਜਾਰੀ ਸੀ।
ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ‘ਚ ਕਿਹਾ, ”ਇਹ ਸੱਚ ਹੈ ਕਿ ਮੁੱਖ ਮੰਤਰੀ ਚੰਨੀ ਅੱਜ ਉਸ ਖੱਡ (ਮਾਈਨਿੰਗ ਸਾਇਟ) ‘ਤੇ ਨਹੀਂ ਗਏ, ਜਿਸ ‘ਤੇ ਕੱਲ ਰਾਘਵ ਚੱਢਾ ਗਏ ਸਨ। ਚੰਨੀ ਸਾਹਿਬ ਨੇ ਇਸ ਨੂੰ ਅਧਿਕਾਰਿਤ (ਜਾਇਜ) ਕਰਾਰ ਦੇ ਦਿੱਤਾ, ਜਦਕਿ ਇਹ ਜਗਾ ਇਸ ਜਗਾ ਤੋਂ ਵੱਖਰੀ ਹੈ, ਜਿਥੇ ਰਾਘਵ ਗਏ ਸਨ, ਜੋ ਗੈਰ ਕਾਨੂੰਨੀ ਹੈ। ਇਕ ਮੁੱਖ ਮੰਤਰੀ ਐਨੇ ਧੜੱਲੇ ਨਾਲ ਸ਼ਰੇਆਮ ਲਾਪਰਵਾਹੀ ਕਿਵੇਂ ਕਰ ਸਕਦਾ ਹੈ?