ਗੁਰਦਾਸਪੁਰ, 3 ਦਿਸੰਬਰ (ਮੰਨਣ ਸੈਣੀ)। ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਜ਼ੋਨ ਗੁਰਦਾਸਪੁਰ ਦੇ ਵੱਖ-ਵੱਖ ਵਿਭਾਗਾਂ/ਬੋਰਡਾਂ/ਕਾਰਪੋਰੇਸ਼ਨਾਂ ਦੇ ਇੰਜੀਨੀਅਰ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਤਨਖਾਹ ਕਮਿਸ਼ਨ ਵਿੱਚ ਇੰਜੀਨੀਅਰ ਕਾਡਰਾਂ ਦੇ ਸਕੇਲਾਂ ਵਿੱਚ ਕੀਤੇ ਵੱਡੇ ਫੇਰਬਦਲ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਦਸ ਦਿਨਾਂ ਲਈ ਕੰਮ ਦਾ ਬਾਈਕਾਟ ਕੀਤਾ। ਲਖਵਿੰਦਰ ਸਿੰਘ, ਇੰਜੀ. ਹਰਵਿੰਦਰ ਸਿੰਘ ਖਾਲਸਾ, ਇੰਜੀ. ਕੁਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੀ.ਐਂਡ.ਆਰ ਵਿਭਾਗ ਗੁਰਦਾਸਪੁਰ ਦੇ ਦਫ਼ਤਰ ਅੱਗੇ ਅਰਥੀ ਫੂਕ ਧਰਨਾ ਸ਼ੁਰੂ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ. ਕੰਸ ਰਾਜ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਸੂਬਾ ਸਰਕਾਰ ਕੌਂਸਲ ਦੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰਦੀ, ਉਦੋਂ ਤੱਕ ਪੰਜਾਬ ਦੇ ਇੰਜਨੀਅਰਾਂ ਦਾ ਸਮੂਹ ਇੰਜਨੀਅਰ ਕੇਡਰ ਦੇ ਵਿਕਾਸ ਕਾਰਜਾਂ ਨੂੰ ਠੱਪ ਕਰਕੇ ਹੜਤਾਲ ’ਤੇ ਬੈਠੇਗਾ। ਉਨ੍ਹਾਂ ਕਿਹਾ ਕਿ 6 ਅਤੇ 7 ਦਸੰਬਰ ਨੂੰ ਮੁਹਾਲੀ ਵਿੱਚ ਚੱਲ ਰਹੀ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸ਼ਮੂਲੀਅਤ ਕਰਨਗੇ। ਇਸ ਮੌਕੇ ਇੰਜੀ. ਦਿਨੇਸ਼ ਲੋਹਾਰੀਆ, ਨਿਤਿਨ ਧੀਮਾਨ, ਇੰਜੀ. ਜਗਜੀਤ ਸਿੰਘ, ਇੰਜੀ. ਗੋਬਿੰਦ ਸਿੰਘ, ਇੰਜੀ. ਅਮਰਬੀਰ ਸਿੰਘ, ਅਨਿਲ ਕੁਮਾਰ, ਗੁਰਮੀਤ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਮਨਿੰਦਰ ਸਿੰਘ, ਪ੍ਰਦੀਪ ਸਿੰਘ, ਪ੍ਰੀਤਪਾਲ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।