ਕੇਜਰੀਵਾਲ ਨੇ ਫ਼ੌਜ ਅਤੇ ਪੁਲੀਸ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਪੰਜਵੀਂ ਗਰੰਟੀ
ਪਠਾਨਕੋਟ 2 ਦਸੰਬਰ ।ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ’ ਦੇਣ ਦੀ ਪੰਜਵੀਂ ਗਰੰਟੀ ਪੰਜਾਬ ਵਾਸੀਆਂ ਨੂੰ ਦਿੱਤੀ। ਇਸ ਗਰੰਟੀ ਤਹਿਤ ਪੰਜਾਬ ਦੇ ਫ਼ੌਜੀ ਜਵਾਨ ਅਤੇ ਪੁਲੀਸ ਦੇ ਜਵਾਨ ਦੀ ਕਿਸੇ ਵੀ ਓਪਰੇਸ਼ਨ ਵਿੱਚ ਸ਼ਹਾਦਤ ਹੋਣ ‘ਤੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਸਨਮਾਨ ਵਜੋਂ ਦੇਣ ਲਈ ‘ਆਪ’ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਵੀਰਵਾਰ ਨੂੰ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਵੀਂ ਗਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਹ ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਭਾਰਤੀ ਫ਼ੌਜ ਵਿੱਚ ਸਭ ਤੋਂ ਜ਼ਿਆਦਾ ਜਵਾਨ ਇਸ ਧਰਤੀ ਤੋਂ ਭਰਤੀ ਹੁੰਦੇ ਹਨ। ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਵਿਵਸਥਾ ਲਈ ਫ਼ੌਜ ਦੇ ਜਵਾਨ ਅਤੇ ਪੁਲਿਸ ਦੇ ਜਵਾਨ ਕੁਰਬਾਨੀਆਂ ਦਿੰਦੇ ਹਨ ਅਤੇ ਇਨਾਂ ਕੁਰਬਾਨ ਹੋਣ ਵਾਲੇ ਯੋਧਿਆਂ ਦਾ ਸਨਮਾਨ ਕਰਨਾ ‘ਆਪ’ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫ਼ੌਜੀ ਜਵਾਨ, ਪੁਲੀਸ ਦੇ ਜਵਾਨ ਅਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋਣ ‘ਤੇ ਉਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ ਵਜੋਂ ਦਿੰਦੀ ਹੈ। ਇਸ ਲਈ ਉਨਾਂ (ਕੇਜਰੀਵਾਲ) ਦੀ ਪੰਜਾਬ ਵਾਸੀਆਂ ਨੂੰ ਪੰਜਵੀਂ ਗਰੰਟੀ ਹੈ ਕਿ ਪੰਜਾਬ ਦੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ- ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ।