ਪਹਿਲੇ ਮੁਲਜ਼ਮਾ ਦੀ ਨਿਸ਼ਾਨਦੇਹੀ ਤੇ ਰਿਕਵਰੀ ਦੌਰਾਨ ਭੈਣੀ ਮਿਆਂ ਖਾਂ ਤੋਂ ਹੋਏ ਸੀ ਗ੍ਰੇਨੇਡ ਬਰਾਮਦ
ਗੁਰਦਾਸਪੁਰ, 29 ਨਵੰਬਰ (ਮੰਨਣ ਸੈਣੀ) ਜ਼ਿਲ੍ਹਾ ਗੁਰਦਾਸਪੁਰ ਦੀ ਪੁਲੀਸ ਨੇ ਪਾਕਿਸਤਾਨ ਤੋਂ ਹਥਿਆਰ ਲਿਆ ਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਤੀਜੇ ਮੁਸਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਆਖਰੀ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਸੂਤਰਾਂ ਅਨੁਸਾਰ ਮੁਲਜ਼ਮ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੋਨੂੰ ਪੁੱਤਰ ਗੁਰਬਚਨ ਸਿੰਘ ਵਾਸੀ ਅਬਦੁੱਲਾਪੁਰ ਥਾਣਾ ਟਾਂਡਾ (ਹੁਸ਼ਿਆਰਪੁਰ) ਵਜੋਂ ਹੋਈ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਕੇਸ ਵਿੱਚ ਸ਼ਾਮਲ ਦੋ ਮੁਲਜ਼ਮਾਂ ਕੋਲੋਂ ਰਿਮਾਂਡ ਮਗਰੋਂ ਰਿਕਵਰੀ ਦੌਰਾਨ ਹੈਂਡ ਗ੍ਰੇਨੇਡ ਬਰਾਮਦ ਕੀਤਾ ਸੀ ਅਤੇ ਗ੍ਰਿਫ਼ਤਾਰੀ ਸਮੇਂ .30 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਸੀ।
ਦੱਸਣਯੋਗ ਹੈ ਕਿ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਬੀਤੀ 28 ਮਈ ਨੂੰ ਰਾਜ ਸਿੰਘ ਅਤੇ ਜਸਮੀਤ ਸਿੰਘ ਵਾਸੀ ਮਾੜੀ ਮੀਆਂ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਟੀ-ਪਲਾਂਟ ਧੁੱਸੀ ਡੈਮ ਸਲਾਹਪੁਰ ਬੇਟ ਤੋਂ ਇੱਕ .30 ਬੋਰ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਰਿਮਾਂਡ ਹਾਸਿਲ ਕੀਤਾ ਅਤੇ ਭੈਣੀ ਮੀਆਂ ਖਾਂ ਇਲਾਕੇ ਤੋਂ ਹੈੱਡ ਗ੍ਰੇਨੇਡ ਵੀ ਬਰਾਮਦ ਕੀਤੇ ਸਨ।
ਉਕਤ ਮੁਲਜ਼ਮਾਂ ਤੋਂ ਬਾਅਦ ਹੁਣ ਪੁਲੀਸ ਵੱਲੋਂ ਚੌਥੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਦੱਸ ਦੇਈਏ ਕਿ ਰਾਜ ਸਿੰਘ ਕਤਲ ਕੇਸ ਵਿੱਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਬੰਦ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਮੁੱਖ ਮੁਲਜ਼ਮ ਵਲੋਂ ਰਾਜ ਅਤੇ ਫੜੇ ਗਏ ਮੁਲਜ਼ਮ ਸੋਨੂੰ ਦੀ ਗੱਲ ਪਾਕਿਸਤਾਨੀ ਸਮੱਗਲਰਾਂ ਨਾਲ ਕਰਵਾਈ ਗਈ। ਜਿਸ ਤੋਂ ਬਾਅਦ ਰਾਜ ਨੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕੀਤਾ ਅਤੇ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ ਹਥਿਆਰ ਅਤੇ ਵਿਸਫੋਟਕ ਭਾਰਤ ਪਹੁੰਚਾਇਆ।