ਵਿਧਾਨ ਸਭਾ ਦੀ ਚੌਣਾ ਵਿਚ ਵੱਧ ਤੋਂ ਵੱਧ ਮੱਤਦਾਨ ਕਰਕੇ, ਆਪਣੇ ਪੋਲਿੰਗ ਬੂਥ ਦਾ ਮਾਣ ਵਧਾਓ
ਡਿਪਟੀ ਕਮਿਸ਼ਨਰ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਟੇਟ ਪ੍ਰਤੀਸ਼ਤ 77.40 ਨਾਲੋ ਘੱਟ ਪੋਲਿੰਗ ਹੋਣ ਵਾਲੇ ਪੋਲਿੰਗ ਬੂਥਾਂ ’ਤੇ ਵੋਟਿੰਗ ਵਧਾਉਣ ਲਈ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਗੁਰਦਾਸਪੁਰ, 2 ਦਸੰਬਰ ( ਮੰਨਣ ਸੈਣੀ )। ਡਿਪਟੀ ਕਮਿਸਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ ਦੀਆਂ ਹਦਾਇਤਾਂ ਤਹਿਤ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਦੌਰਾਨ, ਜਿਨਾਂ ਪੋਲਿੰਗ ਸਟੇਸ਼ਨਾਂ ’ਤੇ ਸਟੇਟ ਪ੍ਰਤੀਸ਼ਤ 77.40 ਨਾਲੋ ਘੱਟ ਪੋਲਿੰਗ ਹੋਈ ਹੈ,ਇਸ ਲਈ ਉਨਾਂ ਪੋਲਿੰਗ ਬੂਥਾਂ ’ਤੇ ਪੋਲਿੰਗ ਵਧਾਉਣ ਲਈ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਿੰਗ ਮਸ਼ੀਨਾਂ ਅਤੇ ਵੀਵੀਪੈਟ ਦੀ ਅਵੈਰਨਸ ਲਈ ਚੋਣ ਹਲਕਿਆਂ ਵਿਚ ਚੱਲ ਰਹੀਆਂ ਮੋਬਾਇਲ ਵੈਨਾਂ ਰਾਹੀਂ ਘੱਟ ਪੋਲਿੰਗ ਵਾਲੇ ਪੋਲਿੰਗ ਸਟੇਸ਼ਨਾਂ ਵਾਲੇ ਖੇਤਰਾਂ ਵਿਚ ਵੋਟਰਾਂ/ਨਾਗਰਿਕਾਂ ਨੂੰ ਵੋਟ ਪੋਲ ਕਰਨ ਸਬੰਧੀ ਹਰ ਪਹਿਲੂ ਤੋਂ ਜਾਣੂੰ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ‘ ਆਪ ਜੀ ਦੇ ਪੋਲਿੰਗ ਬੂਥ ਵਿਖੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਰਾਜ ਦੀ ਔਸਤ ਤੋਂ ਬਹੁਤ ਘੱਟ ਸੀ। ਆਪ ਨੂੰ ਵਿਸ਼ੇਸ ਤੋਰ ’ਤੇ ਅਪੀਲ ਕੀਤੀ ਜਾਂਦੀ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ 2022 ਵਿਚ ਵੱਧ ਤੋਂ ਵੱਧ ਮੱਤਦਾਨ ਕਰੋ ਅਤੇ ਆਪਣੇ ਪੋਲਿੰਗ ਬੂਥ ਦਾ ਮਾਣ ਵਧਾਓ’।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਨਾਂ ਪੋਲਿੰਗ ਸਟੇਸ਼ਨਾਂ ’ਤੇ ਘੱਟ ਪੋਲਿੰਗ ਹੋਈ ਸੀ, ਉਨਾਂ ਪਿੰਡਾਂ/ ਸ਼ਹਿਰਾਂ ਦੇ ਧਾਰਮਿਕ ਸਥਾਨੰ ਤੋਂ ਅਨਾਊਂਸਮੈਂਟ ਕਰਵਾ ਕੇ ਵੋਟਰਾਂ ਨੂੰ ਜਾਣੂੰ ਕਰਵਾਇਆ ਜਾਵੇ। ਸਹਾਇਕ ਚੋਣਕਾਰ ਰਜਿਸ਼ਟਰੇਸ਼ਨ ਅਫਸਰ, ਨੋਡਲ ਅਫਸਰ ਸਵੀਪ, ਸਬੰਧਤ ਸੁਪਵਾਈਜ਼ਰ ਅਤੇ ਬੀ.ਐਲ.ਓਜ਼ ਸਾਂਝੇ ਤੌਰ ’ਤੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ 80 ਤੋਂ ਵੱਧ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨਗੇ। ਪਿੰਡਾਂ ਵਿਚ ਟਰੈਕਟਰ ਰੈਲੀ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਬੂਥ ਲੈਵਲ ’ਤੇ ਬੀ.ਐਲ.ਓ, ਆਂਗਣਵਾੜੀ, ਆਸ਼ਾ ਵਰਕਰ, ਨੰਬਰਦਾਰ, ਚੌਕੀਦਾਰ, ਵਲੰਟੀਅਰ ਰਾਹੀਂ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਮਾਡਲ ਪੋਲਿੰਗ ਸਟੇਸ਼ਨਾਂ ਤਿਆਰ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਊਂ ਲੋੜੀਦੇ ਪ੍ਰਬੰਧ ਹਰ ਪੱਖੋ ਮੁਕੰਮਲ ਕਰ ਲੈਣ ਦੀ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨੂੰ ਵੋਟਰ ਜਾਗਰੂਕਤਾ ਵਧਾਉਣ ਲਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਰੈਲੀ ਆਦਿ ਰਾਹੀਂ ਗਤੀਵਿਧੀਆਂ ਕਰਵਾਉਣ ਲਈ ਕਿਹਾ। ਉਨਾਂ ਕਿਹਾ ਕਿ ਬੂਥਾਂ ’ਤੇ ਚੋਣ ਸਾਖਰਤਾ ਕਲੱਬ ਮੈਬਰਾਂ ਦਾ ਗਠਨ ਯਕੀਨੀ ਬਣਾਇਆ ਜਾਵੇ ਤੇ ਵੋਟਰਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ।
ਉਨਾਂ ਜ਼ਿਲ੍ਹਾ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਅਤੇ ਇੰਚਾਰਜ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਨੂੰ ਆਪਣੇ ਵਲੰਟੀਅਰ/ਭੰਗੜਾ ਟੀਮ ਤੇ ਢੋਲੀ ਆਦਿ ਰਾਹੀਂ ਪਿੰਡਾਂ ਤੇ ਸ਼ਹਿਰਾਂ ਵਿਚ ਵੋਟ ਪੋਲ ਕਰਨ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਐਨ.ਐਸ.ਐਸ ਦੇ ਵਲੰਟੀਅਰਾਂ ਰਾਹੀਂ ਵਿਲੇਜ਼ ਅਡੱਪਟੇਸ਼ਨ ਪ੍ਰੋਗਰਾਮ ਤਹਿਤ ਜਿਨਾਂ ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਘੱਟ ਪਈ ਸੀ, ਉਨਾਂ ਪੋਲਿੰਗ ਸਟੇਸ਼ਨਾਂ ’ਤੇ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।