ਸੂਤਰਾਂ ਦਾ ਕਹਿਣਾ ਆਈ.ਐਸ.ਆਈ ਨੇ ਲ਼ਸ਼ਕਰ-ਏ- ਤੋਇਬਾ ਨੂੰ ਸੌਪੀ ਜਿਮੇਦਾਰੀ
ਵੱਡਾ ਸਵਾਲ, ਕੀ ਪੰਜਾਬ ਵਿੱਚ ਆਪਣੇ ਸਲੀਪਰ ਸੈਲ ਵੀ ਸਰਗਰਮ ਕਰ ਚੁੱਕਾ ਪਾਕਿਸਤਾਨ
ਗੁਰਦਾਸਪੁਰ, 1 ਦਿਸੰਬਰ (ਮੰਨਣ ਸੈਣੀ)। ਪਾਕਿਸਤਾਨ ਇਸ ਵਾਰ ਫਿਰ ਭਾਰਤ ਖਿਲਾਫ਼ ਇੱਕ ਵੱਡੀ ਸਾਜ਼ਿਸ਼ ਰੱਚ ਰਿਹਾ ਅਤੇ ਪੰਜਾਬ ਦੇ ਰਸਤੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਬੰਧੀ ਪਾਕਿਸਤਾਨੀ ਏਜੰਸੀ ਆਈਐਸਆਈ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਇਸ ਘੁਸਪੈਠ ਦੀ ਜ਼ਿੰਮੇਵਾਰੀ ਸੌਂਪੀ ਹੈ। ਜੇਕਰ ਭਾਰਤੀ ਏਜੰਸੀ ਦੇ ਖੁਫੀਆ ਸੂਤਰਾਂ ਦੀ ਮੰਨੀਏ ਤਾਂ ਇਹ ਘੁਸਪੈਠ ਕਰਤਾਰਪੁਰ ਲਾਂਘੇ ਦੇ ਨੇੜਲੇ ਇਲਾਕਿਆਂ ਰਾਹੀਂ ਹੋ ਸਕਦੀ ਹੈ। ਜਿਸ ਤੋਂ ਬਾਅਦ ਅੱਤਵਾਦੀ ਗੁਰਦਾਸਪੁਰ ਅਤੇ ਪਠਾਨਕੋਟ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਖੁਫੀਆ ਟੀਮ ਵੱਲੋਂ ਇਸ ਸਬੰਧੀ ਪੰਜਾਬ ਪੁਲਿਸ ਸਮੇਤ ਹੋਰ ਸੁਰਿਖਿਆ ਏਜੰਸਿਆ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਨੇ ਵੀ ਪੂਰੀ ਤਰ੍ਹਾਂ ਚੌਕਸੀ ਵੱਧਾ ਦਿੱਤੀ ਹੈ। ਜਿੱਥੇ ਬੀ.ਐਸ.ਐਫ ਦੇ ਜਵਾਨ ਅੰਤਰ ਰਾਸ਼ਟਰੀ ਸਰਹਦ ‘ਤੇ ਬਾਜ ਜਿਹੀ ਤਿੱਖੀ ਨਜ਼ਰ ਰੱਖ ਰਹੇ ਹਨ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਰਾਤ ਦੀ ਗਸ਼ਤ ਅਤੇ ਨਾਕੇ ਵਧਾ ਕੇ ਚੈਕਿਂਗ ਕਰ ਹਰ ਪਾਸੇ ਚੌਕਸੀ ਰੱਖੀ ਜਾ ਰਹੀ ਹੈ। ਜਿਸ ਦੇ ਨਤੀਜੇ ਵੱਜੋ ਹਾਲ ਹੀ ਵਿੱਚ ਗੁਰਦਾਸਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਵੀ ਲੱਗੀ।
ਖੁਫੀਆ ਸੂਤਰਾਂ ਦੇ ਮੁਤਾਬਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਕਰੀਬ 4 ਤੋਂ 5 ਅੱਤਵਾਦੀਆ ਨੂੰ ਭਾਰਤ ਅੰਦਰ ਘੁਸਪੈਠ ਕਰਨ ਦੀ ਸਾਜ਼ਿਸ਼ ਰਚੀ ਹੈ ਅਤੇ ਉਹ ਗੁਰਦਾਸਪੁਰ ਖੇਤਰ ‘ਚ ਪੈਂਦੇ ਇਲਾਕੇ ਤੋਂ ਹੀ ਭਾਰਤ ‘ਚ ਦਾਖਲ ਹੋ ਸਕਦੇ ਹਨ। ਇਸ ਵਾਰ ਉਨ੍ਹਾਂ ਦਾ ਰੂਟ ਕਰਤਾਰਪੁਰ ਲਾਂਘੇ ਦੇ ਨੇੜੇ ਦਾ ਇਲਾਕਾ ਹੋ ਸਕਦਾ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਐਸਐਸਪੀ ਬਟਾਲਾ ਨੂੰ ਇਸ ਸੰਬੰਧੀ ਸੂਚਨਾ ਵਿਕਸਿਤ ਕਰਨ ਅਤੇ ਕੇਂਦਰੀ ਏਜੰਸੀਆਂ ਨਾਲ ਸਹਿਯੋਗ ਕਰਨ ਲਈ ਵੀ ਕਿਹਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 27 ਜੁਲਾਈ 2015 ਨੂੰ ਦੀਨਾਨਗਰ ‘ਚ ਹੋਏ ਅੱਤਵਾਦੀ ਹਮਲੇ ਅਤੇ ਜਨਵਰੀ 2016 ‘ਚ ਪਠਾਨਕੋਟ ਏਅਰ ਬੇਸ ‘ਤੇ ਨਰੋਟ ਜੈਮਲ ਸਿੰਘ ਇਲਾਕੇ ਤੋਂ ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ। ਜਿਸ ਵਿੱਚ ਪਾਕਿਸਤਾਨੀ ਅੱਤਵਾਦਿਆ ਨੂੰ ਮਾਰ ਗਿਰਾਇਆ ਗਿਆ ਸੀ। ਹਾਲਾਂਕਿ ਅੱਤਵਾਦੀ ਕਿਸ ਰਸਤੇ ਤੋਂ ਦਾਖਲ ਹੋਏ ਕਿਵੇਂ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ।
ਪਰ ਹਾਲ ਵਿਚ 22 ਨਵੰਬਰ 2021 ਨੂੰ ਪਠਾਨਕੋਟ ‘ਚ ਭਾਰਤੀ ਫੌਜ ਦੇ ਤ੍ਰਿਵੇਣੀ ਗੇਟ ‘ਤੇ ਗ੍ਰੇਨੇਡ ਸੁੱਟਿਆ ਗਿਆ , ਗੁਰਦਾਸਪੁਰ ਦੇ ਭੈਣੀ ਮਿਆਂ ਖਾਂ ਇਲਾਕੇ ਤੋਂ ਰਿਕਵਰੀ ਦੌਰਾਨ ਪਾਕਿਸਤਾਨ ਵੱਲੋ ਭੇਜਿਆ ਗਿਆ ਗ੍ਰੇਨੇਡ ਮਿਲਣਾ ਅਤੇ 1 ਦਿਸੰਬਰ 2021 ਨੂੰ ਦੀਨਾਨਗਰ ਦੇ ਦਬੁਰਜੀ ਇਲਾਕੋ ਤੋਂ 900 ਗ੍ਰਾਮ ਆਰ.ਡੀ.ਐਕਸ, ਵਾਇਰ ਅਤੇ 3 ਡੈਟੋਨੇਟਰ ਦਾ ਬਰਾਮਦ ਹੋਣਾ। ਇਹ ਸ਼ੰਕਾ ਖੜੀ ਕਰਦਾ ਕਿ ਕਿਤੇ ਪਾਕਿਸਤਾਨੀ ਸਮੱਗਲਰਾਂ ਅਤੇ ਵੱਖਵਾਦੀ ਭਾਰਤ ਦੇ ਅੰਦਰ ਆਪਣੇ ਸਲੀਪਰ ਸੈੱਲਾਂ ਨੂੰ ਸਰਗਰਮ ਤਾਂ ਨਹੀਂ ਕਰ ਚੁੱਕੇ ਹਨ ?
ਹਾਲਾਂਕਿ ਪੁਲਿਸ ਅਧਿਕਾਰੀਆਂ ਸਮੇਤ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਅਜੇ ਤੱਕ ਚੁੱਪ ਧਾਰੀ ਰੱਖੀ ਹੈ ਅਤੇ ਅਧਿਕਾਰਤ ਤੌਰ ‘ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਪਰ ਪੁਲਿਸ ਵੱਲੋਂ ਵਰਤੀ ਜਾ ਰਹੀ ਚੌਕਸੀ ਹੋਰ ਵੀ ਵੱਧ ਗਈ ਹੈ। ਅਤੇ ਪੁਲੀਸ ਵੱਲੋਂ ਵਧਾਈ ਗਈ ਚੌਕਸੀ ਨੇ ਲੋਕਾਂ ਦੇ ਕੰਨ ਜ਼ਰੂਰ ਖੜ੍ਹੇ ਕਰ ਦਿੱਤੇ ਹਨ।
ਦੂਜੇ ਪਾਸੇ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦਾ ਕਹਿਣਾ ਹੈ ਕਿ ਬੀਐਸਐਫ ਦੇ ਜਵਾਨ ਸਰਹੱਦ ’ਤੇ ਪਹਿਲਾਂ ਤੋਂ ਹੀ ਤਿੱਖੀ ਨਜ਼ਰ ਗੜਾਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਜਵਾਨ ਸਰਹੱਦ ‘ਤੇ ਹਰ ਵੱਡੀ ਛੋਟੀ ਗਤਿਵਿਧੀ ਤੇ ਨਜ਼ਰ ਰੱਖੇ ਹੋਏ ਹਨ ਅਤੇ ਰਾਤ ਸਮੇਂ ਸਰਹੱਦ ਦੇ ਨੇੜੇ ਆਉਣ ਵਾਲੇ ਕਿਸੇ ਵੀ ਵਿਅਕਤੀ ‘ਤੇ ਸਿੱਧੀ ਗੋਲੀ ਚਲਾਉਣ ਦੀਆਂ ਹਦਾਇਤਾਂ ਦਿੱਤੀਆ ਗਇਆ ਹਨ |