ਗੁਰਦਾਸਪੁਰ, 27 ਨਵੰਬਰ (ਮੰਨਣ ਸੈੈਣੀ)। ਜ਼ਿਲਾ ਗੁਰਦਾਸਪੁਰ ਵਿੱਚ ਸਿਵਲ ਸਰਜਨ ਦੀ ਪੋਸਟ ਨੂੰ ਲੈ ਕੇ ਦੋ ਸੀਨਿਅਰ ਡਾਕਟਰਾਂ ਵਿਚਕਾਰ ਚੱਲ ਰਹੀ ਜੰਗ ਦਾ ਕਾਟੋਂ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਦੋਹਾਂ ਵਿੱਚਕਾਰ ਚੱਲ ਰਹੀ ਰਹੇ ਇਸ ਸ਼ੀਤ ਯੁੱਧ ਦਾ ਸਿੱਧਾ ਅਸਰ ਕੰਮਕਾਜ ਤੇ ਪੈ ਰਿਹਾ ਅਤੇ ਇਸ ਲੜਾਈ ਵਿੱਚ ਸੇਹਤ ਵਿਭਾਗ ਦੇ ਮੁਲਾਜਿਮਾਂ ਤੋਂ ਲੈ ਕੇ ਹੁਣ ਡਾਕਟਰ ਤੱਕ ਪਰੇਸ਼ਾਨ ਹੋਏ ਪਏ ਹਨ ਕਿ ਕਿਸ ਦਾ ਆਰਡਰ ਮੰਨਿਏ ਅਤੇ ਕਿਸ ਦੇ ਹੁਕਮ ਦੀ ਪਾਲਣਾ ਕਰਨੀ। ਪਰ ਇਸਦੇ ਬਾਵਜੂਦ ਸਰਕਾਰ ਵੱਲੋ ਹਾਲੇ ਤੱਕ ਇਸ ਬਾਬਤ ਕੋਈ ਹੱਲ ਨਹੀਂ ਕੱਡਿਆ ਜਾ ਰਿਹਾ ਅਤੇ ਗੁਰਦਾਸਪੁਰ ਸਿਵਲ ਸਰਜਨ ਦਫਤਰ ਵਿੱਚ ਮੁਲਾਜਿਮ ਦੋ ਦੋ ਅਫਸਰਾਂ ਦੇ ਆਰਡਰ ਫਾਲੋ ਕਰ ਰਹੇ ਹਨ। ਇਕ ਕੋਈ ਨਿਰਦੇਸ਼ ਦਿੰਦਾ ਤੇ ਦੂਜਾ ਕੋਈ। ਸੂਤਰਾਂ ਤੋਂ ਮਿਲੀ ਜਾਨਕਾਰੀ ਅਨੁਸਾਰ ਦਫਤਰ ਵੱਲੋ ਹੁਣ ਸੇਹਤ ਵਿਭਾਗ ਦੇ ਡਾਇਰੇਕਟਰ ਨੂੰ ਚਿੱਠੀ ਲਿੱਖ ਕੇ ਕਿੱਸ ਦਾ ਆਰਡਰ ਦੀ ਪਾਲਣਾ ਸੰਬੰਧੀ ਸੇਧ ਮੰਗੀ ਗਈ ਹੈ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਨੇ 12 ਅਕਤੂਬਰ ਨੂੰ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਦਾ ਤਬਾਦਲਾ ਫ਼ਤਹਿਗੜ੍ਹ ਸਾਹਿਬ ਵਿਖੇ ਕਰ ਦਿੱਤਾ ਸੀ ਪਰ ਕਿਸੇ ਹੋਰ ਡਾ: ਵੱਲੋਂ ਜੁਆਇਨ ਨਾ ਕਰਨ ਅਤੇ ਕੋਈ ਸਪੱਸ਼ਟ ਹਦਾਇਤਾਂ ਨਾ ਹੋਣ ਕਾਰਨ ਡਾ ਮਾਂਡੀ 19 ਅਕਤੂਬਰ ਤੱਕ ਸੀ.ਐਸ. ਦੇ ਅਹੁਦੇ ‘ਤੇ ਤਾਇਨਾਤ ਰਹੇ ਅਤੇ 19 ਅਕਤੂਬਰ ਨੂੰ ਹੀ ਉਨ੍ਹਾਂ ਨੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੂੰ ਚਾਰਜ ਦੇ ਕੇ 25 ਅਕਤੂਬਰ ਤੱਕ ਛੁੱਟੀ ‘ਤੇ ਚਲੇ ਗਏ। 19 ਅਕਤੂਬਰ ਨੂੰ ਹੀ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਕੰਮ ਕਰ ਰਹੇ ਡਾ: ਵਿਜੇ ਕੁਮਾਰ ਨੂੰ ਸਿਵਲ ਸਰਜਨ ਦਾ ਵਾਧੂ ਚਾਰਜ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ।
ਪਰ ਇਹ ਤਬਾਦਲਾ ਗੈਰ-ਕਾਨੂੰਨੀ ਅਤੇ ਮਨਮਾਨੀ ਹੋਣ ਦਾ ਦੋਸ਼ ਲਾਉਂਦਿਆਂ ਇਸ ਸਬੰਧੀ ਡਾ: ਮਾਂਡੀ ਵਲੋਂ ਮਾਨਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ | ਡਾ: ਮਾਂਡੀ ਦੇ ਤਬਾਦਲੇ ਦੇ ਹੁਕਮਾਂ ‘ਤੇ ਰੋਕ ਲਗਾਉਂਦੇ ਹੋਏ ਹਾਈਕੋਰਟ ਨੇ ਸਥਿਤੀ ਜਿਉਂ ਦੀ ਤਿਉਂ (ਮੌਜੂਦਾ ਸਥਿਤੀ) ਬਰਕਰਾਰ ਰੱਖਣ ਦੇ ਹੁਕਮ ਵੀ ਦਿੱਤੇ | ਜਿਸ ਨੂੰ ਲੈ ਕੇ ਡਾ: ਮਾਂਡੀ 25 ਅਕਤੂਬਰ ਨੂੰ ਸੀਐਸ ਵਜੋਂ ਆਪਣੀ ਡਿਊਟੀ ਨਿਭਾਉਣ ਲਈ ਸਿਵਲ ਹਸਪਤਾਲ ਪੁੱਜੇ ਅਤੇ ਜੁਆਇਨ ਕੀਤਾ ਪਰ ਡਾਕਟਰ ਵਿਜੇ ਕੁਮਾਰ ਪਹਿਲਾਂ ਹੀ ਉੱਥੇ ਤਾਇਨਾਤ ਸਨ ਜਿਸ ਕਾਰਣ ਉਹ ਉਸ ਵੇਲੇ ਵਾਪਸ ਚਲੇ ਗਏ ਅਤੇ 26 ਨੂੰ ਦੁਬਾਰਾ ਦਫ਼ਤਰ ਆ ਗਏ। ਪਰ ਉਸ ਤੋਂ ਬਾਅਦ ਦਫ਼ਤਰ ਵਿੱਚ ਉਨ੍ਹਾਂ ਦੀ ਥਾਂ ’ਤੇ ਡਾ: ਵਿਜੇ ਦੀ ਨੇਮ ਪਲੇਟ ਲਗਣ ਤੋਂ ਬਾਅਦ ਉਹ ਫੀਲਡ ਦਾ ਕੰਮ ਦੇਖਣ ਲੱਗ ਪਏ ਹਨ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਅਤੇ ਬ੍ਲਾਕਾ ਵਿੱਚ ਫੀਲਡ਼ ਦਾ ਕੰਮ ਵੇਖਣ ਲਗੇ।
ਪਰ ਸ਼ੁਕਰਵਾਰ ਨੂੰ ਡਾ ਮਾਂਡੀ ਵੱਲੋ ਦੁਬਾਰਾ ਦਫਤਰ ਦਾ ਰੁੱਖ ਕੀਤਾ ਗਿਆ ਅਤੇ ਸ਼ਨਿਵਾਰ ਨੂੰ ਸੇਹਤ ਵਿਭਾਗ ਵੱਲੋ ਡਾਕਟਰ ਮਾਂਡੀ ਦੀ ਅਗਵਾਈ ਦੱਸਦਿਆ ਸ਼ਨੀਵਾਰ ਨੂੰ ਇਕ ਪ੍ਰੈਸ ਬਿਆਨ ਮੋਤੀਆਂ ਮੁਕਤ ਪੰਜਾਬ ਅਭਿਆਨ ਸੰਬੰਧੀ ਜਿਲਾ ਲੋਕ ਸੰਪਰਕ ਵਿਭਾਗ ਨੂੰ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਅਤੇ ਫੋਟੇ ਰੀਲੀਜ ਕੀਤੀ ਗਈ। ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾ. ਭਾਰਣ ਭੂਸ਼ਣ, ਡਾ. ਪ੍ਰਭਜੋਤ ਕੋਰ, ਡਾ. ਲੋਕੇਸ਼, ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਅਤੇ ਅਮਰਜੀਤ ਸਿੰਘ ਦਾਲਮ ਦੀ ਫੋਟੋ ਪਾਈ ਗਈ। ਪਰ ਬਿਆਨ ਤੋਂ ਬਾਅਦ ਹੀ ਲੋਕ ਸੰਪਰਕ ਵਿਭਾਗ ਵੱਲੋ ਇਹ ਦੱਸਿਆ ਗਿਆ ਕਿ ਡਾ ਹਰਭਜਨ ਮਾਂਡੀ ਦੇ ਨਾਮ ਦੀ ਜਗਹ ਡਾ ਵਿਜੇ ਦਾ ਨਾਮ ਦੱਸਿਆ ਜਾਵੇ।
ਇਸ ਸੰਬੰਧੀ ਜੱਦ ਡਾ ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋ ਉਹੀਂ ਦੋਹਰਾਇਆ ਗਿਆ ਕਿ ਉਹ ਸਰਕਾਰੀ ਆਦੇਸ਼ਾ ਦੀ ਪਾਲਣਾ ਕਰ ਰਹੇ ਹਨ। ਹਾਲਾਂਕਿ ਇਸ ਸੰਬੰਧੀ ਡਾ ਹਰਭਜਨ ਮਾੰਡੀ ਦਾ ਕਹਿਣਾ ਸੀ, ਚੀਫ ਜਸਟਿਸ, ਹਾਈ ਕੋਟ ਦੇ ਚੀਫ਼ ਜਸਟਿਸ, ਪ੍ਰਿਸਿਪਲ ਸਚਿਵ ਲੋਕ ਸੰਪਰਕ ਵਿਭਾਗ ਨੂੰ ਵੀ ਇਸ ਬਾਬਤ ਲਿਖ ਦਿੱਤਾ ਹੈ।
ਇਸ ਸੰਬੰਧੀ ਇਹਨਾਂ ਦੋਵਾ ਸੀਨਿਅਰ ਡਾਕਟਰਾਂ ਦੀ ਜੰਗ ਦਾ ਸਿਕਾਰ ਹੋ ਰਹੇ ਮੁਲਾਜਿਮਾਂ ਨੇ ਦੱਬੀ ਜੁਬਾਨ ਵਿੱਚ ਦੱਸਿਆ ਕੀ ਇਹ ਦੋਵੇ ਇਕੋ ਜਿਲੇ ਦੇ ਇਕੋ ਮੰਤਰੀ ਦੇ ਚਹੇਤੇ ਹਨ ਅਤੇ ਦੋਵਾਂ ਨੇ ਵੱਖ ਵੱਖ ਗਰੁਪ ਬਣਾ ਲਏ ਹਨ। ਇਸਦੇ ਚਲਦਿਆ ਸੁਪਰਿਟੇਂਡੇਟ ਵੱਲੋ ਹੁਣ ਡਾਇਰੇਕਟਰ ਨੂੰ ਚਿੱਠੀ ਲਿਖੀ ਗਈ ਹੈ ਕਿ ਕਿਸ ਦੇ ਦਸਤਖਤ ਅਤੇ ਆਰਡਰ ਮੰਨੇ ਜਾਣੇ ਹਨ ਇਸ ਸੰਬੰਧੀ ਸੋਧ ਦਿੱਤੀ ਜਾਵੇ।