ਸਠਿਆਲੀ ਤੋਂ ਨੈਨੇਕੋਟ ਨੂੰ ਜੋੜਦੇ ਕੱਚੇ ਰਸਤੇ ਉੱਤੇ ਸੜਕ ਬਣਾਉਣ ਨਾ ਬਣਾਉਣ ਕਾਰਣ ਪਿੰਡਾਂ ਦੇ ਲੋਕਾਂ ਚ ਫੈਲਿਆ ਰੋਸ
ਗੁਰਦਾਸਪੁਰ,26 ਨਵੰਬਰ( ਕੁਲਦੀਪ ਜਾਫਲਪੁਰ)। ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਠਿਆਲੀ ਅਤੇ ਨੈਨੇਕੋਟ ਵਾਸੀਆਂ ਨੇ ਦੋਵਾਂ ਪਿੰਡਾਂ ਨੂੰ ਜੋੜਦੇ ਰਸਤੇ ਉੱਤੇ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ। ਦੋਵਾਂ ਪਿੰਡਾ ਦੇ ਵਸਨੀਕਾਂ ਨੇ ਇਕੱਠੇ ਹੇ ਕੇ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਸਠਿਆਲੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਨੇੜੇ ਪਿੰਡ ਨੈਨੇਕੋਟ ਨੂੰ ਜੋੜਦਾ ਕਰੀਬ ਡੇਢ ਕਿੱਲੋਮੀਟਰ ਦਾ ਰਸਤਾ ਕੱਚਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਸ ਮੰਗ ਨੂੰ ਪੂਰਿਆਂ ਕਰਨ ਲਈ ਪਿਛਲੇ 7-8 ਸਾਲਾਂ ਤੋਂ ਵੱਖ ਵੱਖ ਵਿਧਾਇਕਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਫਤਹਿਜੰਗ ਬਾਜਵਾ ਨੇ ਵੀ ਉਨ੍ਹਾਂ ਨਾਲ ਵਾਅਦਾ ਕੀਤੀ ਸੀ ਕਿ ਉਹ ਇਹ ਸੜਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਵਾਉਣਗੇ। ਪਰ ਹੁਣ ਸਰਕਾਰ ਦਾ ਸਮਾਂ ਪੂਰਾ ਹੋਣ ਵਿੱਚ ਕੁੱਝ ਦਿਨ ਦਾ ਸਮਾਂ ਹੀ ਰਹਿ ਗਿਆ ਹੈ। ਪਰ ਉਨ੍ਹਾਂ ਦਾ ਕੱਚਾ ਰਾਹ ਪੱਕਿਆਂ ਕਰਨ ਦੀ ਕੋਈ ਕਵਾਇਦ ਸ਼ੁਰੂ ਨਹੀਂ ਹੋ ਸਕੀ। ਇਸ ਲਈ ਸਠਿਆਲੀ, ਨੈਨੇਕੋਟ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੱਚੇ ਰਸਤੇ ਉੱਤੇ ਸੜਕ ਬਣਾਉਣ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕੇ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਕਿਸੇ ਵੀ ਰਾਜਨੀਤਿਕ ਆਗੂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ। ਇਸ ਮੌਕੇ ਰੋਸ ਜ਼ਾਹਿਰ ਕਰਨ ਵਾਲਿਆਂ ਵਿੱਚ ਕਨਵਰ ਸਿੰਘ ਸੇਖੋਂ, ਹਰੀ ਸਿੰਘ ਨੈਨੇਕੋਟ, ਦਰਸ਼ਨ ਸਿੰਘ ਸਠਿਆਲੀ, ਹਰਪਾਲ ਸਿੰਘ, ਗੁਰਕੀਰਤ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ ਆਦਿ ਸ਼ਾਮਲ ਸਨ।
ਕੈਪਸ਼ਨ : ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਹੋਏ ਪਿੰਡ ਸਠਿਆਲੀ ਅਤੇ ਨੈਨੇਕੋਟ ਦੇ ਵਾਸੀ