ਬਟਾਲਾ, 26 ਨਵੰਬਰ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਂ ਖੇਤ ਵਿੱਚੋਂ ਰੇਤ ਖੁਦ ਨਹੀਂ ਕੱਢ ਸਕਦਾ। ਰੇਤ ਕੱਢਣ ਦੇ ਅਧਿਕਾਰ ਕੇਵਲ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਠੇਕੇਦਾਰਾਂ ਕੋਲ ਹੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਇਹ ਅਫ਼ਵਾਹਾਂ/ਖਬਰਾਂ ਫੈਲਾਅ ਰਹੇ ਹਨ ਕਿ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਵਿਚੋਂ ਖੁਦ ਰੇਤ ਕੱਢ ਸਕਦਾ ਹੈ, ਜੋ ਕਿ ਪੂਰੀ ਤਰਾਂ ਗਲਤ ਹੈ, ਸਰਕਾਰ ਨੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ।
ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਰਾਜ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ਤਹਿਤ ਕਿਸਾਨ ਆਪਣੇ ਖੇਤਾਂ ਵਿੱਚੋਂ ਸਿਰਫ ਤਿੰਨ ਫੁੱਟ ਤੱਕ ਮਿੱਟੀ ਪੁੱਟ ਸਕਦੇ ਹਨ।
ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀਂ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਪਾਸ ਕਰਕੇ ਸੂਬੇ ਭਰ ਵਿੱਚ ਰੇਤ ਤੇ ਗਰੈਵਲ ਦੇ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਤ ਕੀਤੇ ਗਏ ਹਨ। ਸੂਬਾ ਸਰਕਾਰ ਨੇ ਸਸਤੀ ਰੇਤ ਮੁਹੱਈਆ ਕਰਵਾਉਣ ਲਈ ਇੱਕ ਵੈਬ ਪੋਰਟਲ https://www.minesandgeology.punjab.gov.in/member/customer-signup ਦੀ ਸ਼ੁਰੂਆਤ ਵੀ ਕੀਤੀ ਹੈ ਜਿਸ ਰਾਹੀਂ ਰੇਤ ਦਾ ਆਨ-ਲਾਈਨ ਆਰਡਰ ਬੁੱਕ ਕਰਵਾਇਆ ਜਾ ਸਕਦਾ ਹੈ।