ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਨੂੰਨ ਰੱਦ ਦਾ ਐਲਾਨ ਜਿਨ੍ਹਾਂ ਚਿਰ ਹਕੀਕਤ ’ਚ ਨਹੀਂ ਬਦਲਦਾ ਉਦੋਂ ਤੱਕ ਚੌਕਸ ਰਹਿਣ ਦੀ ਲੋੜ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਨੂੰਨ ਰੱਦ ਦਾ ਐਲਾਨ ਜਿਨ੍ਹਾਂ ਚਿਰ ਹਕੀਕਤ ’ਚ ਨਹੀਂ ਬਦਲਦਾ ਉਦੋਂ ਤੱਕ ਚੌਕਸ ਰਹਿਣ ਦੀ ਲੋੜ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
  • PublishedNovember 20, 2021

ਕਾਲੇ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਦੇ 700 ਧੀਆਂ ਪੁੱਤਰਾਂ ਨੇ ਕੁਰਬਾਨੀ ਦਿੱਤੀ

ਹੁਣ ਤੱਕ ਪੰਜਾਬ ਵਿੱਚ ਨਾਪਾਕ ਗਠਜੋੜ ਦਾ ਰਾਜ ਰਿਹਾ ਜੋ ਵਾਰੋ-ਵਾਰੀ ਕੁਰਸੀਆਂ ਬਦਲਦੇ ਰਹੇ

ਮੁੱਖ ਮੰਤਰੀ ਨੇ ਸਹਿਕਾਰੀ ਖੰਡ ਵਿੱਚ ਬਟਾਲਾ ਦੀ ਸਮਰੱਥਾ 3500 ਟੀ.ਸੀ.ਡੀ. ਕਰਨ ਦਾ ਨੀਂਹ ਪੱਥਰ ਰੱਖਿਆ

ਬਟਾਲਾ, 20 ਨਵੰਬਰ ( ਮੰਨਣ ਸੈਣੀ ) – ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹਕੀਕਤ ਵਿੱਚ ਨਹੀਂ ਬਦਲ ਜਾਂਦਾ ਓਨਾਂ ਚਿਰ ਪੰਜਾਬੀਆਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ।

ਬਟਾਲਾ ਸ਼ੂਗਰ ਮਿੱਲ ਵਿੱਚ ਮਿੱਲ ਦੀ ਸਮਰੱਥਾ ਵਧਾਉਣ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਲਾਗੂ ਕਰਨਾ ਇੱਕ ਗਹਿਰੀ ਸਾਜ਼ਿਸ਼ ਸੀ ਅਤੇ ਇਸਨੇ ਕਿਸਾਨੀ ਨੂੰ ਢਾਹ ਲਾਉਣ ਦੇ ਨਾਲ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਵੀ ਢਾਹ ਲਗਾਈ ਹੈ। ਸ. ਚੰਨੀ ਨੇ ਕਿਹਾ ਕਿ ਓਨ੍ਹਾਂ ਚਿਰ ਖੇਤੀ ਕਾਨੂੰਨ ਰੱਦ ਕਰਨ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਚਿਰ ਤੱਕ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਲਈ ਐੱਮ.ਐੱਸ.ਪੀ. ਦੀ ਗਰੰਟੀ ਨਹੀਂ ਦਿੰਦੀ।

ਜਿਹੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਹੇ ਹਨ ਉਨ੍ਹਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀ ਕਿਸ ਗੱਲ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਨ ਕਿਉਂਕਿ ਇਹ ਕਾਲੇ ਕਾਨੂੰਨ ਵੀ ਤਾਂ ਉਨ੍ਹਾਂ ਨੇ ਜਾਣਬੁੱਝ ਕੇ ਕਿਸਾਨੀ ਨੂੰ ਮਾਰਨ ਲਈ ਲਾਗੂ ਕੀਤੇ ਸਨ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ 700 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੇਣੀਆਂ ਪਈਆਂ ਅਤੇ ਸੂਬੇ ਦੀ ਆਰਥਿਕਤਾ ਅਤੇ ਖੁਸ਼ਹਾਲੀ ਨੂੰ ਵੱਡੀ ਢਾਹ ਲੱਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਗੁਣਗਾਨ ਕਰਨ ਵਾਲੇ ਆਗੂ ਪਹਿਲਾਂ ਕਿਸਾਨਾਂ ਦੀ ਸ਼ਹਾਦਤਾਂ ਅਤੇ ਔਖੇ ਕੱਟੇ ਦਿਨਾਂ ਨੂੰ ਜਰੂਰ ਯਾਦ ਕਰ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਇੱਕ ਯਾਦਗਾਰ ਕਾਇਮ ਕੀਤੀ ਜਾਵੇਗੀ ਤਾਂ ਜੋ ਸਦੀਆਂ ਤੱਕ ਕਿਸਾਨੀ ਸੰਘਰਸ਼ ਦੀ ਯਾਦ ਤਾਜਾ ਰਹੇ।

ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਬਣਾਉਣ ਅਤੇ ਲਾਗੂ ਕਰਵਾਉਣ ਵਿੱਚ ਅਕਾਲੀ ਦਲ ਸਭ ਤੋਂ ਵੱਡਾ ਦੋਸ਼ੀ ਹੈ ਅਤੇ ਉਨ੍ਹਾਂ ਨੇ ਭਾਜਪਾ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਕੁਰਸੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਅੱਗੇ ਵੇਚ ਦਿੱਤਾ ਅਤੇ ਜਦੋਂ ਪੰਜਾਬੀਆਂ ਨੇ ਇਨ੍ਹਾਂ ਡਟ ਕੇ ਦਾ ਵਿਰੋਧ ਕੀਤਾ ਤਾਂ ਅਸਤੀਫੇ ਵਾਲਾ ਡਰਾਮਾ ਰਚਿਆ।

ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਦੋਹਰੇ ਮਾਪਦੰਡ ਅਪਣਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ ਓਹੀ ਕਾਲੇ ਕਾਨੂੰਨ ਕੇਜ਼ਰੀਵਾਲ ਨੇ ਦਿੱਲੀ ਵਿੱਚ ਲਾਗੂ ਕੀਤੇ ਹੋਏ ਹਨ। ਸ. ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਅਤੇ ਉਨ੍ਹਾਂ ਵਰਗੇ ਹੋਰ ਆਗੂਆਂ ਜਿਹੜੇ ਮੋਦੀ ਦੀਆਂ ਸਿਫ਼ਤ ਕਰ ਰਹੇ ਹਨ ਉਨ੍ਹਾਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਅਜਿਹੇ ਲੋਕ ਦੋਮੂੰਹੇ ਸੱਪ ਦੀ ਤਰਾਂ ਹਨ ਅਤੇ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚੋਂ ਟਰਾਂਸਪੋਰਟ ਮਾਫ਼ੀਆ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ ਅਤੇ ਬਾਦਲਾਂ ਦੀਆਂ ਨਜਾਇਜ ਚਲੱਦੀਆਂ ਬੱਸਾਂ ਨੂੰ ਜਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਓਹੀ ਪਰਮਿਟ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਮਾਫ਼ੀਆ ਤੋਂ ਬਾਅਦ ਹੁਣ ਕੇਬਲ ਮਾਫ਼ੀਆ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ।

ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ ਦਾ ਮੂੰਹ ਸੂਬਾ ਵਾਸੀਆਂ ਦੀ ਬਿਹਤਰੀ ਲਈ ਖੋਲ੍ਹ ਦਿੱਤਾ ਹੈ ਅਤੇ ਰਾਜ ਸਰਕਾਰ ਨੇ 1500 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਕੇ ਗਰੀਬ ਅਤੇ ਮੱਧ ਵਰਗ ਤਬਕੇ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਦੇ ਯੂਨਿਟ ਵਿੱਚ 3 ਰੁਪਏ ਦੀ ਕਟੌਤੀ ਕਰਕੇ ਇੱਕ ਹੋਰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੇਤ ਦਾ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਗੰਨੇ ਦੇ ਰੇਟ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ ਜਿਸ ਵਿੱਚੋਂ 35 ਰੁਪਏ ਵਾਧਾ ਪੰਜਾਬ ਸਰਕਾਰ ਸਹਿਣ ਕਰੇਗੀ ਅਤੇ ਕੇਵਲ 15 ਰੁਪਏ ਵਾਧਾ ਨਿੱਜੀ ਖੰਡ ਮਿੱਲਾਂ ਨੂੰ ਦੇਣਾ ਪਵੇਗਾ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਬਟਾਲਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ 1500 ਟੀ.ਸੀ.ਡੀ ਤੋਂ 3500 ਟੀ.ਸੀ.ਡੀ ਵਧਾਉਣ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 296.14 ਕਰੋੜ ਰੁਪਏ ਦੀ ਲਾਗਤ ਨਾਲ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਨਵੀਂ ਖੰਡ ਮਿੱਲ ਜਿਸਦੀ ਸਮਰੱਥਾ 3500 ਟੀ.ਸੀ.ਡੀ. (ਜਿਸ ਵਿੱਚ 5000 ਟੀ.ਸੀ.ਡੀ. ਤੱਕ ਵਾਧਾ ਕੀਤਾ ਜਾ ਸਕਦਾ ਹੈ) ਸਮੇਤ 14 ਮੈਗਾਵਾਟ ਕੋ ਜਨਰੇਸ਼ਨ ਪ੍ਰੋਜੈਕਟ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਿੱਲ ਵਿੱਚ ਬਿਜਲੀ ਦੀ ਪੈਦਾਵਾਰ ਤੋਂ ਇਲਾਵਾ ਫਾਰਮਾਸਿਊਟੀਕਲ ਸ਼ੂਗਰ ਅਤੇ ਰਿਫਾਇੰਡ ਸ਼ੂਗਰ ਦੀ ਪੈਦਾਵਾਰ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਨਵੀਂ ਖੰਡ ਮਿੱਲ ਦੀ ਸਥਾਪਨਾ ਉਪਰੰਤ ਰੋਜ਼ਾਨਾਂ 35000-40000 ਕੁਵਿੰਟਲ ਗੰਨਾ ਪੀੜਿਆ ਜਾਵੇਗਾ ਅਤੇ ਲਗਭਗ 8.5 ਮੈਗਾਵਾਟ ਬਿਜਲੀ ਸਟੇਟ ਗਰਿੱਡ ਨੂੰ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਟ 15 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਬਟਾਲਾ ਇਲਾਕੇ ਨੂੰ 10 ਕਰੋੜ ਰੁਪਏ ਸੜਕਾਂ ਦੇ ਨਿਰਮਾਣ ਅਤੇ 5 ਕਰੋੜ ਰੁਪਏ ਪੁੱਲ ਬਣਾਉਣ ਲਈ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਰੋੜ ਰੁਪਏ ਰੈਸਟ ਹਾਊਸ ਬਣਾਉਣ ਅਤੇ 50 ਲੱਖ ਰੁਪਏ ਗੰਨਾ ਰਿਸਰਚ ਕੇਂਦਰ ਕਲਾਨੌਰ ਲਈ ਵੀ ਐਲਾਨੇ।

ਇਸ ਮੌਕੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਕੋਲ ਲੰਮਾ ਸਮਾਂ ਸਹਿਕਾਰਤਾ ਵਿਭਾਗ ਦਾ ਚਾਰਜ ਰਿਹਾ ਪਰ ਉਨ੍ਹਾਂ ਨੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਗੰਨੇ ਦੀਆਂ ਕਿਸਮਾਂ ਉੱਪਰ ਖੋਜ਼ ਨੂੰ ਬੰਦ ਕਰ ਦਿੱਤਾ ਅਤੇ ਇਹੀ ਕਾਰਨ ਹੈ ਕਿ ਪੰਜਾਬ ਕੋਲ ਗੰਨੇ ਦੀਆਂ ਵਧੀਆ ਤੇ ਵੱਧ ਝਾੜ ਵਾਲੀਆਂ ਕਿਸਮਾਂ ਦੀ ਘਾਟ ਹੋ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਲਾਨੌਰ ਵਿਖੇ ਗੰਨਾ ਰਿਸਰਚ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਹੁਣ ਨਵੀਆਂ ਗੰਨੇ ਦੀਆਂ ਕਿਸਮਾਂ ਕਿਸਾਨਾਂ ਨੂੰ ਮਿਲਣਗੀਆਂ। ਉਨ੍ਹਾਂ ਮੁੱਖ ਮੰਤਰੀ ਸ. ਚੰਨੀ ਦਾ ਬਟਾਲਾ ਮਿੱਲ ਦੀ ਸਮਰੱਥਾ ਵਧਾਉਣ ’ਤੇ ਧੰਨਵਾਦ ਕੀਤਾ।

ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਵੱਲੋਂ ਬਟਾਲਾ ਖੰਡ ਮਿੱਲ ਦੀ ਸਮਰੱਥਾ ਵਧਾ ਕੇ ਜੋ ਤੋਹਫਾ ਕਿਸਾਨਾਂ ਨੂੰ ਦਿੱਤਾ ਹੈ ਇਸ ਲਈ ਕਿਸਾਨ ਹਮੇਸ਼ਾਂ ਉਨ੍ਹਾਂ ਨੂੰ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਸ. ਚੰਨੀ ਨੇ ਥੋੜੇ ਜਿਹੇ ਅਰਸੇ ਵਿੱਚ ਜਿਸ ਤਰਾਂ ਪੰਜਾਬ ਦੀ ਬਿਹਤਰੀ ਵਾਲੇ ਅਤੇ ਲੋਕ-ਪੱਖੀ ਫੈਸਲੇ ਲਏ ਹਨ ਉਸ ਤੋਂ ਸੂਬੇ ਦੇ ਲੋਕ ਕਹਿਣ ਲੱਗ ਪਏ ਹਨ ਕਿ ‘ਚੰਨੀ ਸਰਕਾਰ, ਚੰਗੀ ਸਰਕਾਰ’। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰਾਂ ਸੰਤੁਸ਼ਟ ਤੇ ਖੁਸ਼ ਹਨ।

ਇਸ ਮੌਕੇ ਉਨ੍ਹਾਂ ਨਾਲ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ, ਸਾਬਕਾ ਰਾਜ ਸਭਾ ਮੈਂਬਰ ਸ. ਭੁਪਿੰਦਰ ਸਿੰਘ ਮਾਨ, ਚੇਅਰਮੈਨ ਅਸ਼ਵਨੀ ਸੇਖੜੀ, ਏ.ਸੀ.ਐੱਸ. ਸ੍ਰੀ ਅਨੁਰਾਗ ਅਗਰਵਾਲ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਅਰੁਨ ਸੇਖੜੀ, ਐੱਮ.ਡੀ. ਸ਼ੂਗਰਫੈੱਡ ਸ੍ਰੀ ਰਾਜੀਵ ਗੁਪਤਾ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਐੱਸ.ਪੀ. ਬਟਾਲਾ ਸ. ਮੁਖਵਿੰਦਰ ਸਿੰਘ ਭੁੱਲਰ, ਸਹਿਕਾਰੀ ਖੰਡ ਮਿੱਲ ਬਟਾਲਾ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Written By
The Punjab Wire